Bihar Breaking: ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ

 

 

ਬਿਹਾਰ ਦੀ ਸਿਆਸਤ ‘ਚ ਵੱਡਾ ਧਮਾਕਾ: ਨੀਤੀਸ਼ ਕੁਮਾਰ ਨੇ ਵਿਧਾਨ ਪ੍ਰੀਸ਼ਦ ਤੋਂ ਦਿੱਤਾ ਅਸਤੀਫ਼ਾ; ਦਿੱਲੀ ਦੀ ਰਾਜਨੀਤੀ ‘ਚ ਮਾਰਨਗੇ ਐਂਟਰੀ

ਪਟਨਾ, 30 ਮਾਰਚ 2026:

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਵਿਧਾਨ ਪ੍ਰੀਸ਼ਦ (MLC) ਦੇ ਮੈਂਬਰ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਲਗਭਗ 20 ਸਾਲਾਂ ਬਾਅਦ ਨੀਤੀਸ਼ ਕੁਮਾਰ ਦੀ ਵਿਧਾਨ ਪ੍ਰੀਸ਼ਦ ਤੋਂ ਵਿਦਾਇਗੀ ਹੋਈ ਹੈ। ਉਹ ਪਹਿਲੀ ਵਾਰ 20 ਮਾਰਚ 2006 ਨੂੰ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ ਸਨ ਅਤੇ ਉਦੋਂ ਤੋਂ ਹੁਣ ਤੱਕ ਚਾਰ ਵਾਰ ਐੱਮ.ਐੱਲ.ਸੀ. ਰਹਿ ਚੁੱਕੇ ਹਨ।

ਨੀਤੀਸ਼ ਕੁਮਾਰ ਹੁਣ ਰਾਜ ਸਭਾ ਵਿੱਚ ਜਾ ਰਹੇ ਹਨ, ਜਿਸ ਲਈ ਉਹ ਬਿਨਾਂ ਕਿਸੇ ਵਿਰੋਧ ਦੇ (ਨਿਰਵਿਰੋਧ) ਚੁਣੇ ਗਏ ਹਨ। ਉਨ੍ਹਾਂ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 10 ਅਪ੍ਰੈਲ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਸੰਵਿਧਾਨਕ ਨਿਯਮਾਂ ਅਨੁਸਾਰ, ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸੂਬੇ ਦੀ ਮੈਂਬਰਸ਼ਿਪ ਛੱਡਣੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।

ਮੁੱਖ ਮੰਤਰੀ ਦੇ ਅਹੁਦੇ ਲਈ ਰੱਖੀਆਂ ਸ਼ਰਤਾਂ

ਭਾਵੇਂ ਨੀਤੀਸ਼ ਕੁਮਾਰ ਨੇ ਐੱਮ.ਐੱਲ.ਸੀ. ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਉਹ ਅਜੇ ਵੀ 6 ਮਹੀਨਿਆਂ ਤੱਕ ਮੁੱਖ ਮੰਤਰੀ ਬਣੇ ਰਹਿ ਸਕਦੇ ਹਨ।

ਹਾਲਾਂਕਿ, ਉਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਭਾਜਪਾ (BJP) ਸਾਹਮਣੇ 4 ਪ੍ਰਮੁੱਖ ਸ਼ਰਤਾਂ (ਭਾਜਪਾ ਪਹਿਲਾਂ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕਰੇ, ਗ੍ਰਹਿ ਮੰਤਰਾਲਾ ਕਿਸ ਕੋਲ ਰਹੇਗਾ ਇਹ ਤੈਅ ਕੀਤਾ ਜਾਵੇ, ਵਿਧਾਨ ਸਭਾ ਦਾ ਸਪੀਕਰ ਕਿਸ ਪਾਰਟੀ ਦਾ ਹੋਵੇਗਾ ਇਹ ਸਪੱਸ਼ਟ ਹੋਵੇ, ਵਿਭਾਗਾਂ ਦੀ ਵੰਡ ਬਾਰੇ ਪਹਿਲਾਂ ਹੀ ਫੈਸਲਾ ਲਿਆ ਜਾਵੇ) ਰੱਖੀਆਂ ਹਨ।

ਨਿਤਿਨ ਨਬੀਨ ਨੇ ਵੀ ਛੱਡੀ ਵਿਧਾਇਕੀ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਵੀ ਬਿਹਾਰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਵੀ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ।

ਨਿਤਿਨ ਨਬੀਨ ਬਾਂਕੇਪੁਰ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ 2020 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਉਨ੍ਹਾਂ ਦੇ ਸਿਆਸੀ ਤਜ਼ਰਬੇ ਕਾਰਨ ਹੀ ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ।

ਨੀਤੀਸ਼ ਕੁਮਾਰ ਨੇ ਹੁਣ ਦਿੱਲੀ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਦਾ ਫੈਸਲਾ ਕਰ ਲਿਆ ਹੈ। ਉਹ ਚਾਹੁੰਦੇ ਹਨ ਕਿ ਭਾਜਪਾ ਜਲਦੀ ਤੋਂ ਜਲਦੀ ਬਿਹਾਰ ਵਿੱਚ ਨਵੀਂ ਸਰਕਾਰ ਦਾ ਗਠਨ ਕਰੇ ਤਾਂ ਜੋ ਉਹ ਸੂਬੇ ਦੀ ਵਾਗਡੋਰ ਸੌਂਪ ਕੇ ਕੇਂਦਰ ਵਿੱਚ ਆਪਣੀ ਨਵੀਂ ਭੂਮਿਕਾ ਸੰਭਾਲ ਸਕਣ।