ਵੱਡੀ ਖ਼ਬਰ: ਪੁਲਿਸ ਵੱਲੋਂ ਅੱਤਵਾਦੀ ਗ੍ਰਿਫਤਾਰ

 

ਵੱਡੀ ਖ਼ਬਰ: ਪੁਲਿਸ ਵੱਲੋਂ ਅੱਤਵਾਦੀ ਗ੍ਰਿਫਤਾਰ

ਪੁਲਿਸ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਸ਼ਬੀਰ ਅਹਿਮਦ ਲੋਨ ਸਰਹੱਦ ਤੋਂ ਗ੍ਰਿਫ਼ਤਾਰ; ISI ਦੇ ਇਸ਼ਾਰੇ ‘ਤੇ ਰਚ ਰਿਹਾ ਸੀ ਸਾਜ਼ਿਸ਼

ਨਵੀਂ ਦਿੱਲੀ, 30 ਮਾਰਚ 2026:

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਦਿੱਲੀ ਬਾਰਡਰ ਤੋਂ ਲਸ਼ਕਰ-ਏ-ਤਾਇਬਾ (LeT) ਦੇ ਇੱਕ ਖ਼ਤਰਨਾਕ ਅੱਤਵਾਦੀ ਸ਼ਬੀਰ ਅਹਿਮਦ ਲੋਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜਾਂਚ ਏਜੰਸੀਆਂ ਨੂੰ ਮਿਲੀ ਜਾਣਕਾਰੀ ਅਨੁਸਾਰ, ਮੁਲਜ਼ਮ ਸ਼ਬੀਰ ਅਹਿਮਦ ਬੰਗਲਾਦੇਸ਼ ਵਿੱਚ ਬੈਠ ਕੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਲਸ਼ਕਰ ਦਾ ਇੱਕ ਨਵਾਂ ਮਾਡਿਊਲ ਤਿਆਰ ਕਰ ਰਿਹਾ ਸੀ।

ਉਹ ਸਰਹੱਦ ਪਾਰੋਂ ਮਿਲ ਰਹੇ ਨਿਰਦੇਸ਼ਾਂ ਤਹਿਤ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ ‘ਤੇ ਭਾਰਤ ਆਇਆ ਸੀ। ਹਾਲ ਹੀ ਵਿੱਚ ਦਿੱਲੀ ਅਤੇ ਕੋਲਕਾਤਾ ਦੇ ਕਈ ਇਲਾਕਿਆਂ ਵਿੱਚ ਭਾਰਤ ਵਿਰੋਧੀ ਪੋਸਟਰ ਲਗਾਉਣ ਪਿੱਛੇ ਵੀ ਇਸੇ ਮਾਡਿਊਲ ਦਾ ਹੱਥ ਹੋਣ ਦਾ ਸ਼ੱਕ ਹੈ।

ਸੁਰੱਖਿਆ ਬਲਾਂ ਨੂੰ ਸ਼ਬੀਰ ਦੀ ਮੌਜੂਦਗੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ/NDR ਟੀਮ ਨੇ ਪੂਰੀ ਯੋਜਨਾਬੰਦੀ ਨਾਲ ਜਾਲ ਵਿਛਾਇਆ ਅਤੇ ਦਿੱਲੀ ਬਾਰਡਰ ‘ਤੇ ਉਸ ਨੂੰ ਦਬੋਚ ਲਿਆ।

ਦਿੱਲੀ ਅਤੇ ਆਲੇ-ਦੁਆਲੇ ਛਾਪੇਮਾਰੀ ਜਾਰੀ

ਏਜੰਸੀਆਂ ਹੁਣ ਸ਼ਬੀਰ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀਆਂ ਹਨ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਸ਼ਬੀਰ ਦੇ ਹੋਰ ਸਾਥੀ ਵੀ ਦਿੱਲੀ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਛੁਪੇ ਹੋ ਸਕਦੇ ਹਨ।

ਇਸ ਜਾਣਕਾਰੀ ਦੇ ਅਧਾਰ ‘ਤੇ ਦਿੱਲੀ ਅਤੇ ਗੁਆਂਢੀ ਰਾਜਾਂ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।