ਕੂੜੇ ਨੂੰ ਅੱਗ ਲਾਉਣ ਵਾਲਿਆਂ ਦੇ ਕੀਤੇ ਜਾਣ ਚਾਲਾਨ
ਜਿਲ੍ਹਾ ਵਾਤਾਵਰਣ ਯੋਜਨਾ ਸਬੰਧੀ ਜਿਲ੍ਹਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 3 ਦਸੰਬਰ 2025 (Punjab Network) —
ਜੇਕਰ ਵਾਤਾਵਰਣ ਸੁਰੱਖਿਅਤ ਨਹੀਂ ਹੈ ਤਾਂ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਕੇ ਜਾਵਾਂਗੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਖੁਦ ਅੱਗੇ ਆਈਏ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਨੂੰ ਸਾਫ਼ ਪਾਣੀ, ਸਾਫ਼ ਹਵਾ ਅਤੇ ਸਾਫ਼ ਵਾਤਾਵਰਣ ਮੁਹੱਈਆ ਹੋ ਸਕੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਵਾਤਾਵਰਣ ਯੋਜਨਾ ਕਮੇਟੀ ਦੀ ਮੀਟਿੰਗ ਕਰਦਿਆਂ ਕੀਤਾ। ਉਨਾਂ ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣਾ ਚਾਹੀਦਾ ਹੈ।
ਉਨਾਂ ਜਿਲ੍ਹੇ ਅੰਦਰ ਸਾਲਿਡ ਵੇਸਟ ਮੈਨੇਜਮੈਂਟ, ਲਿਕਵਡ ਵੇਸਟ ਮੈਨੇਜਮੈਂਟ ਅਤੇ ਚੱਲ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੰਮਾਂ ਦਾ ਰੀਵਿਊ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਥਾਂਈ ਇਕੱਠਾ ਹੋਣਾ ਚਾਹੀਦਾ ਹੈ ਅਤੇ 100 ਫੀਸਦੀ ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਜਿਥੇ ਕਿੱਥੇ ਵੀ ਕੂੜੇ ਦੇ ਡੰਪ ਹਨ ਉਥੇ ਕੂੜੇ ਦੀ ਰੈਮੀਡੇਸ਼ਨ ਨਾਲੋਂ ਨਾਲ ਹੀ ਕੀਤੀ ਜਾਵੇ ਤਾਂ ਜੋ ਕੂੜੇ ਦੇ ਪਹਾੜ ਨਾ ਲੱਗ ਸਕਣ।
ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਚਾਈਨਾਂ ਡੋਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਰੋਜਾਨਾ ਅਚਨਚੇਤ ਚੈਕਿੰਗ ਅਭਿਆਨ ਚਲਾਇਆ ਜਾਵੇ। ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਜੋਰ ਦੇ ਕੇ ਕਿਹਾ ਕਿ ਕੁਝ ਲੋਕ ਕੂੜੇ ਨੂੰ ਅੱਗੇ ਲਗਾ ਰਹੇ ਹਨ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੂੜੇ ਨੂੰ ਅੱਗੇ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਅਤੇ ਚਲਾਨ ਕੀਤੇ ਜਾਣ ਅਤੇ ਨਾਲ ਇਹ ਵੀ ਹਦਾਇਤ ਕੀਤੀ ਕਿ ਪਲਾਸਟਿਕ ਦੇ ਲਿਫਾਫੇ ਵੇਚਣ ਵਾਲਿਆਂ ਵਿਰੁੱਧ ਵੀ ਕਾਰਵਾਈ ਆਰੰਭੀ ਜਾਵੇ ਅਤੇ ਰੋਜਾਨਾਂ ਇਹ ਅਭਿਆਨ ਵੀ ਜਾਰੀ ਰੱਖਿਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਮਜੀਠਾ, ਜੰਡਿਆਲਾ, ਰਈਆ , ਰਾਜਾਸਾਂਸੀ ਅਤੇ ਰਮਦਾਸ ਨਗਰ ਪੰਚਾਇਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਇਕੱਠਾ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਮੀਟਿੰਗ ਵਿੱਚ ਐਸ:ਡੀ:ਓ ਪ੍ਰਦੂਸ਼ਣ ਬੋਰਡ ਸ੍ਰ ਸੁਖਮਨੀ ਸਿੰਘ, ਮੈਡਮ ਸ਼ਿਵਾਨੀ ਕੰਵਰ, ਸਿਹਤ ਅਫਸਰ ਨਗਰ ਨਿਗਮ ਡਾ: ਕਿਰਨ ਕੁਮਾਰ, ਡਾ ਮੰਨਤ ਕੌਰ, ਡੀ:ਐਸ:ਪੀ ਸਰਤਾਜ ਸਿੰਘ, ਮੈਡਮ ਨਵਦੀਪ ਕੌਰ, ਬਲਵਿੰਦਰ ਸਿੰਘ ਤੋਂ ਇਲਾਵਾ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਈ.ਓ. ਵੀ ਹਾਜ਼ਰ ਸਨ।






