Weather Update: ਪੰਜਾਬ ‘ਚ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ, ਫ਼ਸਲਾਂ ਤਬਾਹ!

 

Weather Update: ਪੰਜਾਬ ‘ਚ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ, ਫ਼ਸਲਾਂ ਤਬਾਹ!

ਗੜ੍ਹੇਮਾਰੀ ਨੇ ਤਬਾਹ ਕੀਤੀ ਕਣਕ ਤੇ ਸਬਜ਼ੀਆਂ; ਕਿਸਾਨਾਂ ਵੱਲੋਂ ਤੁਰੰਤ ਮੁਆਵਜ਼ੇ ਦੀ ਮੰਗ

ਮਾਨਸਾ/ਸਰਦੂਲਗੜ੍ਹ, 1 ਅਪ੍ਰੈਲ 2026: ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਵਿੱਚ ਬੀਤੇ ਦਿਨ ਹੋਈ ਤੇਜ਼ ਬਾਰਿਸ਼ ਅਤੇ ਭਾਰੀ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਪੱਕਣ ਦੀ ਕਗਾਰ ‘ਤੇ ਆਈ ਕਣਕ ਦੀ ਫ਼ਸਲ ਅਤੇ ਹਰੀਆਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ।

ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਫ਼ਸਲ ਘਰ ਆਉਣ ਵਾਲੀ ਸੀ, ਉਸੇ ਵੇਲੇ ਕੁਦਰਤ ਦੀ ਮਾਰ ਨੇ ਸਭ ਕੁਝ ਤਬਾਹ ਕਰ ਦਿੱਤਾ। ਗੜ੍ਹੇਮਾਰੀ ਇੰਨੀ ਭਿਆਨਕ ਸੀ ਕਿ ਖੇਤਾਂ ਵਿੱਚ ਖੜ੍ਹੀ ਕਣਕ ਵਿਛ ਗਈ ਹੈ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ।

ਪੁਰਾਣੇ ਮੁਆਵਜ਼ੇ ਨਾ ਮਿਲਣ ਕਾਰਨ ਰੋਸ

ਕਿਸਾਨਾਂ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ। ਉਨ੍ਹਾਂ ਕਿਹਾ, ਸਾਲ 2023, 2025 ਅਤੇ ਹੁਣ 2026 ਵਿੱਚ ਵੀ ਗੜ੍ਹੇਮਾਰੀ ਕਾਰਨ ਕਿਸਾਨਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ।

ਕਿਸਾਨਾਂ ਅਨੁਸਾਰ, ਸਰਕਾਰਾਂ ਸਮੇਂ ਸਿਰ ਮੁਆਵਜ਼ਾ ਜਾਰੀ ਨਹੀਂ ਕਰਦੀਆਂ, ਜਿਸ ਕਾਰਨ ਅੰਨਦਾਤਾ ਕਰਜ਼ੇ ਦੀ ਪੰਡ ਹੇਠ ਦਬਦਾ ਜਾ ਰਿਹਾ ਹੈ।

ਗੁੱਸੇ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ, ਸਰਕਾਰ ਬਿਨਾਂ ਦੇਰੀ ਕੀਤੇ ਖ਼ਰਾਬੇ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕਰੇ।

ਜੇਕਰ ਜਲਦ ਹੀ ਮੁਆਵਜ਼ਾ ਨਾ ਮਿਲਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

ਮੌਸਮ ਵਿਭਾਗ ਦੀ ਚਿਤਾਵਨੀ ਦਰਮਿਆਨ ਵਧੀ ਚਿੰਤਾ

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਮਾਨਸਾ ਵੀ ਸ਼ਾਮਲ ਹੈ, ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।