Punjab Breaking: ਪੰਜਾਬ ਕਾਂਗਰਸ ਦੇ ਵੱਡੇ ਲੀਡਰ ਦੀ ਸੜਕ ਹਾਦਸੇ ‘ਚ ਮੌਤ, ਦੋ ਵਾਰ ਲੜ ਚੁੱਕੇ ਸੀ ਵਿਧਾਨ ਸਭਾ ਚੋਣ
ਪਾਣੀਪਤ ਨੇੜੇ ਟਰੱਕ ਨਾਲ ਟਕਰਾਈ ਗੱਡੀ; ਕਾਂਗਰਸ ਦੇ ਨੌਜਵਾਨ ਚਿਹਰੇ ਅਤੇ ਸਾਬਕਾ ਉਮੀਦਵਾਰ ਜਟਾਣਾ ਦਾ ਦੇਹਾਂਤ
ਸਿਆਸੀ ਸਫ਼ਰ ਦਾ ਦੁਖਦਾਈ ਅੰਤ: ਯੂਥ ਕਾਂਗਰਸ ਤੋਂ ਸੂਬਾ ਜਨਰਲ ਸਕੱਤਰ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਖੁਸ਼ਬਾਜ ਜਟਾਣਾ ਨਹੀਂ ਰਹੇ
ਪੰਜਾਬ ਨੈੱਟਵਰਕ
ਚੰਡੀਗੜ੍ਹ, 2 ਅਪ੍ਰੈਲ 2026-
ਪੰਜਾਬ ਦੀ ਸਿਆਸਤ ਲਈ ਅੱਜ ਦਾ ਦਿਨ ਬੇਹੱਦ ਮੰਦਭਾਗਾ ਸਾਬਤ ਹੋਇਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਖੁਸ਼ਬਾਜ ਸਿੰਘ ਜਟਾਣਾ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਹਰਿਆਣਾ ਦੇ ਪਾਣੀਪਤ ਨੇੜੇ ਵਾਪਰਿਆ, ਜਿੱਥੇ ਉਨ੍ਹਾਂ ਦੀ ਕਾਰ ਦੀ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਗੰਨਮੈਨ ਅਤੇ ਡਰਾਈਵਰ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਖੁਸ਼ਬਾਜ ਸਿੰਘ ਜਟਾਣਾ ਨੇ ਆਪਣਾ ਸਿਆਸੀ ਸਫ਼ਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ। ਉਹ ਆਪਣੀ ਮਿਹਨਤ ਸਦਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਜਨਰਲ ਸਕੱਤਰ ਦੇ ਅਹੁਦੇ ਤੱਕ ਪਹੁੰਚੇ।
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਵਿੱਚ ਖੁਸ਼ਬਾਜ ਸਿੰਘ ਜਟਾਣਾ ਕਾਂਗਰਸ ਦੇ ਇੱਕ ਮਜ਼ਬੂਤ ਥੰਮ੍ਹ ਵਜੋਂ ਜਾਣੇ ਜਾਂਦੇ ਸਨ।
ਉਨ੍ਹਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਤਲਵੰਡੀ ਸਾਬੋ ਤੋਂ ਲੜੀਆਂ ਸਨ। 2017 ਦੀ ਚੋਣ ਵਿੱਚ ਉਨ੍ਹਾਂ ਨੂੰ ਕਰੀਬ 35,000 ਵੋਟਾਂ ਮਿਲੀਆਂ ਅਤੇ ਉਹ ਦੂਜੇ ਨੰਬਰ ‘ਤੇ ਰਹੇ ਸਨ।
2022 ਦੀ ਚੋਣ ਵਿੱਚ ਉਨ੍ਹਾਂ ਨੂੰ 26,000 ਤੋਂ ਵੱਧ ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ। ਦੋਵੇਂ ਵਾਰ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਰਿਹਾ ਸੀ।
ਖੁਸ਼ਬਾਜ ਜਟਾਣਾ ਦੇ ਅਚਾਨਕ ਚਲੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਉਹ ਇਲਾਕੇ ਦੇ ਲੋਕਾਂ ਵਿੱਚ ਬਹੁਤ ਹਰਮਨ-ਪਿਆਰੇ ਸਨ ਅਤੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸਨ।
ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਕਾਂਗਰਸ ਦੇ ਉੱਚ ਆਗੂਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਰਿਵਾਰ ਅਤੇ ਸਮਰਥਕਾਂ ਲਈ ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ। ਹਾਲਾਂਕਿ ਦੂਜੇ ਪਾਸੇ ਪੁਲਿਸ ਵੱਲੋਂ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
















