ਵੱਡੀ ਖ਼ਬਰ: ਮੱਖਣ ਬਰਾੜ ਦਾ ‘ਅਕਾਲੀ ਦਲ ਪੁਨਰ ਸੁਰਜੀਤ’ ਤੋਂ ਅਸਤੀਫ਼ਾ
-ਗਿਆਨੀ ਹਰਪ੍ਰੀਤ ਸਿੰਘ ਅਤੇ ਇਆਲੀ ‘ਤੇ ਲਾਏ ਸਾਜ਼ਿਸ਼ੀ ਦੋਸ਼
Punjab Network
ਮੋਗਾ, 4 ਅਪ੍ਰੈਲ 2026- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮੋਗਾ ਦੇ ਪ੍ਰਭਾਵਸ਼ਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਮੱਖਣ ਬਰਾੜ ਨੇ ਇੱਕ ਲੰਬੀ ਚਿੱਠੀ ਰਾਹੀਂ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਹ ਭਰੇ ਮਨ ਨਾਲ ਇਹ ਫ਼ੈਸਲਾ ਲੈ ਰਹੇ ਹਨ।
ਏਜੰਸੀਆਂ ਅਤੇ ਸਰਕਾਰ ਨਾਲ ਮਿਲੀਭੁਗਤ ਦੇ ਦੋਸ਼
ਮੱਖਣ ਬਰਾੜ ਨੇ ਆਪਣੇ ਅਸਤੀਫ਼ੇ ਵਿੱਚ ਸਨਸਨੀਖੇਜ਼ ਖੁਲਾਸੇ ਕਰਦਿਆਂ ਕਿਹਾ ਕਿ, ਪੰਥ ਦੀ ਮਾਂ-ਜਥੇਬੰਦੀ (ਸ਼੍ਰੋਮਣੀ ਅਕਾਲੀ ਦਲ) ਨੂੰ ਖ਼ਤਮ ਕਰਨ ਲਈ ਕੇਂਦਰੀ ਏਜੰਸੀਆਂ ਨੇ ਇੱਕ ਵੱਡੀ ਸਾਜ਼ਿਸ਼ ਘੜੀ ਸੀ, ਜਿਸ ਦਾ ਨਾਮ ‘ਪੁਨਰ ਸੁਰਜੀਤ’ ਦਲ ਰੱਖਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਜ਼ਿਸ਼ ਵਿੱਚ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਪੰਜਾਬ ਦੀ ‘ਆਪ’ ਸਰਕਾਰ ਵੀ ਸ਼ਾਮਲ ਹੈ, ਜੋ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।
ਬਰਾੜ ਨੇ ਮਨਪ੍ਰੀਤ ਸਿੰਘ ਇਆਲੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਆਲੀ ਨੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਇਸ ਜਾਲ ਵਿੱਚ ਫਸਾਇਆ। ਉਨ੍ਹਾਂ ਕਿਹਾ, “ਇਆਲੀ ਸਿਰਫ਼ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ, ਪਰ ਸਰਕਾਰ ਖ਼ਿਲਾਫ਼ ਚੁੱਪ ਵੱਟ ਲੈਂਦੇ ਹਨ।” ਬਰਾੜ ਅਨੁਸਾਰ, ਇਸ ਦਾ ਕਾਰਨ ਇਆਲੀ ਦੇ ਵਪਾਰਕ ਹਿੱਤ (ਕਲੋਨੀਆਂ ਦਾ ਕੰਮ) ਹੋ ਸਕਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਆਲੀ ਨੂੰ ਪੰਜਾਬ ਵਿੱਚ ਡਿਪਟੀ ਸੀ.ਐਮ. ਬਣਨ ਦੀ ਪੇਸ਼ਕਸ਼ ਵੀ ਆਈ ਸੀ।
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਮੱਖਣ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਕੇ ਕੌਮ ਨੂੰ ਭਾਵੁਕ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਓਹੀ ਬੋਲਦੇ ਹਨ ਜੋ ਉਨ੍ਹਾਂ ਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ ਅਤੇ ਉਹ ਕੇਂਦਰੀ ਏਜੰਸੀਆਂ ਦੇ ਇਸ਼ਾਰੇ ‘ਤੇ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
“ਜ਼ਮੀਰ ਦੀ ਆਵਾਜ਼ ‘ਤੇ ਦਿੱਤਾ ਅਸਤੀਫ਼ਾ”
ਮੱਖਣ ਬਰਾੜ ਨੇ ਅਫ਼ਸੋਸ ਜਤਾਇਆ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀ ਇਸ ਸਾਜ਼ਿਸ਼ ਦਾ ਹਿੱਸਾ ਬਣੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਉਹ ਪੰਥ ਤੋਂ ਇਹ ਸੱਚ ਲੁਕਾ ਕੇ ਰੱਖਣ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਪੰਥ ਦੀ ਕਚਹਿਰੀ ਵਿੱਚ ਸਾਰਾ ਸੱਚ ਸਾਹਮਣੇ ਰੱਖਣਗੇ।






