ਭਾਰੀ ਮੀਂਹ ਕਾਰਨ ਲੈਂਡਸਲਾਈਡ; ਆਵਾਜਾਈ ਠੱਪ
ਬਨਿਹਾਲ (ਜੰਮੂ-ਕਸ਼ਮੀਰ), 5 ਅਪ੍ਰੈਲ 2026:
ਸ਼ਨੀਵਾਰ ਨੂੰ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਇਲਾਕੇ ਵਿੱਚ ਭਾਰੀ ਮੀਂਹ ਕਾਰਨ, ਜ਼ਮੀਨ ਖਿਸਕਣ (ਲੈਂਡਸਲਾਈਡ) ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦਾ ਇੱਕ ਹਿੱਸਾ ਬੰਦ ਹੋ ਗਿਆ ਹੈ। ਇਸ ਘਟਨਾ ਬਾਰੇ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਟ੍ਰੈਫਿਕ ਬਨਿਹਾਲ, ਸੁਰਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਲੋਕ ਟ੍ਰੈਫਿਕ ਐਡਵਾਈਜ਼ਰੀ ਦੀ ਜਾਂਚ ਕਰਨ ਤੋਂ ਬਾਅਦ ਹੀ ਵਾਹਨ ਚਲਾਉਣ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਮੌਸਮ ਦਾ ਹਾਲ ਜਾਣ ਕੇ ਹੀ ਘਰਾਂ ਤੋਂ ਬਾਹਰ ਨਿਕਲਣ।
ਮੌਕੇ ‘ਤੇ ਮਸ਼ੀਨਰੀ ਅਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਜੋ ਮਲਬਾ ਹਟਾ ਕੇ ਜਲਦੀ ਤੋਂ ਜਲਦੀ ਆਵਾਜਾਈ ਬਹਾਲ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 27 ਮਾਰਚ ਨੂੰ ਵੀ ਰਾਮਬਨ ਵਿਖੇ ਚੰਦਰਕੋਟ ਮਸਜਿਦ ਅਤੇ ਜੈਸਵਾਲ ਪੁਲ ਦੇ ਵਿਚਕਾਰ ਚਨਾਬ ਦਰਿਆ ਦੇ ਕੰਢੇ ਵੱਡੇ ਪੱਥਰ ਡਿੱਗਣ ਕਾਰਨ ਰਾਸ਼ਟਰੀ ਰਾਜਮਾਰਗ (NH44) ਪ੍ਰਭਾਵਿਤ ਹੋਇਆ ਸੀ।
ਐੱਸ.ਐੱਸ.ਪੀ. ਟ੍ਰੈਫਿਕ ਰਾਜਾ ਆਦਿਲ ਹਾਮਿਦ ਗਨਈ ਅਨੁਸਾਰ ਪਹਾੜੀ ਵਾਲੇ ਪਾਸੇ (Up-tube) ਲੈਂਡਸਲਾਈਡ ਹੋਣ ਕਾਰਨ ਇੱਕ ਪਾਸੜ ਆਵਾਜਾਈ ਨੂੰ ਦੂਜੇ ਪਾਸੇ (Down-tube) ਵੱਲ ਮੋੜਿਆ ਗਿਆ ਸੀ।
ਪਰ ਬਾਅਦ ਵਿੱਚ ਦੂਜੇ ਪਾਸੇ ਵੀ ਪੱਥਰ ਡਿੱਗਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਸੀ।
ਰਸਤਾ ਬੰਦ ਹੋਣ ਕਾਰਨ ਦੋਵਾਂ ਪਾਸਿਆਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਭਾਰੀ ਮਸ਼ੀਨਾਂ ਰਾਹੀਂ ਪੱਥਰਾਂ ਅਤੇ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਹੈ, ਜਿਸ ਨੂੰ ਮੁਕੰਮਲ ਹੋਣ ਵਿੱਚ ਕੁਝ ਘੰਟੇ ਲੱਗ ਸਕਦੇ ਹਨ।






