BREAKING: ਹੈਲਥ ਸਕੀਮ ‘ਚ ਵੱਡਾ ਫਰਜ਼ੀਵਾੜਾ, CBI ਵੱਲੋਂ 3 ਹਸਪਤਾਲਾਂ FIR ਦਰਜ
ਚੰਡੀਗੜ੍ਹ, 6 ਅਪ੍ਰੈਲ 2026:
ਚੰਡੀਗੜ੍ਹ ਵਿੱਚ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ECHS) ਦੇ ਤਹਿਤ ਚੱਲ ਰਹੇ ਇੱਕ ਵੱਡੇ ਘੁਟਾਲੇ ਦਾ ਸੀਬੀਆਈ ਨੇ ਪਰਦਾਫਾਸ਼ ਕੀਤਾ ਹੈ।
ਸੀਬੀਆਈ ਨੇ ਸੈਕਟਰ-38 ਦੇ ਮੰਥਨ ਹੈਲਥ ਕੇਅਰ, ਸੈਕਟਰ-15 ਦੇ ਧਰਮ ਹਸਪਤਾਲ ਅਤੇ ਸੈਕਟਰ-19 ਦੇ ਕੇਅਰ ਪਾਰਟਨਰ ਹਾਰਟ ਸੈਂਟਰ ਸਮੇਤ ਅੱਠ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਐਫਆਈਆਰ (FIR) ਦਰਜ ਕੀਤੀ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਪੂਰੇ ਘੁਟਾਲੇ ਦੇ ਮੁੱਖ ਸਾਜ਼ਿਸ਼ਘੜੇ ਮੰਥਨ ਹੈਲਥ ਕੇਅਰ ਦੇ ਡਾਇਰੈਕਟਰ ਡਾ. ਵਿਕਾਸ ਸ਼ਰਮਾ ਅਤੇ ਡਾ. ਰਿੰਪਲ ਗੁਪਤਾ ਸਨ।
ਕਿਉਂਕਿ ਮੰਥਨ ਹੈਲਥ ਕੇਅਰ ਖੁਦ ECHS ਦੇ ਪੈਨਲ ਵਿੱਚ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੋਟੀ ਕਮਾਈ ਦੇ ਲਾਲਚ ਵਿੱਚ ਦੂਜੇ ਹਸਪਤਾਲਾਂ ਨੂੰ ਆਪਣੇ ਨਾਲ ਮਿਲਾ ਲਿਆ।
ਇਹ ਗਿਰੋਹ ਇਸ ਤਰ੍ਹਾਂ ਕੰਮ ਕਰਦਾ ਸੀ…
ਮਰੀਜ਼ਾਂ ਦੇ ਫਰਜ਼ੀ ਮੈਡੀਕਲ ਰਿਕਾਰਡ ਤਿਆਰ ਕੀਤੇ ਜਾਂਦੇ ਸਨ। ਮਰੀਜ਼ਾਂ ਦੀ ਐਮਰਜੈਂਸੀ ਐਡਮਿਸ਼ਨ ਅਤੇ ਰੈਫਰਲ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ ਜਾਂਦੀ ਸੀ। ਦਵਾਈਆਂ ਦੇ ਬਿੱਲਾਂ ਨੂੰ ਵਧਾ-ਚੜ੍ਹਾ ਕੇ ਸਰਕਾਰ ਤੋਂ ਮੈਡੀਕਲ ਰਿਇੰਬਰਸਮੈਂਟ ਕਲੇਮ ਲਿਆ ਜਾਂਦਾ ਸੀ।
CBI ਨੂੰ ਅਜਿਹਾ ਅਣਸਾਈਨ ਕੀਤਾ ਹੋਇਆ ਸਮਝੌਤਾ (Agreement) ਵੀ ਮਿਲਿਆ ਹੈ ਜਿਸ ਮੁਤਾਬਕ ਘੁਟਾਲੇ ਦੀ ਰਕਮ ਹਸਪਤਾਲਾਂ ਵਿੱਚ ਅੱਧੀ-ਅੱਧੀ ਵੰਡੀ ਜਾਣੀ ਸੀ।
ਸੀਬੀਆਈ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਹੇਮਾ ਦੇਵੀ, ਬਲਦੇਵ ਰਾਮ, ਟੇਕ ਚੰਦ ਅਤੇ ਸੰਧਿਆ ਦੇਵੀ ਵਰਗੇ ਮਰੀਜ਼ਾਂ ਦੇ ਨਾਮ ਵਾਰ-ਵਾਰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਦਿਖਾ ਕੇ ਫਰਜ਼ੀ ਕਲੇਮ ਲਏ ਗਏ।
ਇਸ ਫਰਜ਼ੀਵਾੜੇ ਦਾ ਸੰਚਾਲਨ ਮੰਥਨ ਹੈਲਥ ਕੇਅਰ ਤੋਂ ਹੁੰਦਾ ਸੀ ਪਰ ਵਰਤੋਂ ਧਰਮ ਹਸਪਤਾਲ ਅਤੇ ਕੇਅਰ ਪਾਰਟਨਰ ਹਾਰਟ ਸੈਂਟਰ ਦੇ ECHS ਡੈਸਕ ਦੀ ਕੀਤੀ ਜਾਂਦੀ ਸੀ।
ਛਾਪੇਮਾਰੀ ਦੌਰਾਨ ਮਿਲੇ ਅਹਿਮ ਸਬੂਤ
ਸੀਬੀਆਈ ਨੇ 24 ਫਰਵਰੀ 2026 ਨੂੰ ਪਹਿਲੀ ਵਾਰ ਰੇਡ ਕੀਤੀ ਸੀ, ਜਿੱਥੇ ਕਈ ਮਰੀਜ਼ਾਂ ਦੀਆਂ ਫਾਈਲਾਂ, ਵਟਸਐਪ ਚੈਟ, ਖਾਲੀ ਲੈਟਰਹੈੱਡ, ਹਸਪਤਾਲ ਦੀਆਂ ਮੋਹਰਾਂ ਅਤੇ ਡਿਜੀਟਲ ਸਿਗਨੇਚਰ ਬਰਾਮਦ ਕੀਤੇ ਗਏ। ਇਹ ਰਿਕਾਰਡ ਸਾਲ 2018 ਤੋਂ 2026 ਤੱਕ ਦਾ ਹੈ, ਜੋ ਦੱਸਦਾ ਹੈ ਕਿ ਇਹ ਖੇਡ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀ।
ਹੋਰ ਹਸਪਤਾਲ ਵੀ ਰਡਾਰ ‘ਤੇ/ ਈਡਨ ਕ੍ਰਿਟੀਕਲ ਕੇਅਰ ਹਸਪਤਾਲ
ਸੀਬੀਆਈ ਦੀ ਜਾਂਚ ਹੁਣ ਹੋਰਾਂ ਹਸਪਤਾਲਾਂ ਤੱਕ ਵੀ ਪਹੁੰਚ ਗਈ ਹੈ, ਜਿਨ੍ਹਾਂ ਵਿੱਚ ਅਮਰ ਹਸਪਤਾਲ, ਸ਼ੈਲਬੀ ਹਸਪਤਾਲ, ਵਨਐਚ ਮੇਡ ਪਾਰਕ ਮੋਹਾਲੀ ਸ਼ਾਮਲ ਹਨ।
ਸੀਬੀਆਈ ਮੁਤਾਬਕ ਜਲਦੀ ਹੀ ECHS ਪਾਲੀ ਕਲੀਨਿਕ ਅਤੇ ਰੀਜਨਲ ਸੈਂਟਰ ਦੇ ਕਈ ਅਧਿਕਾਰੀਆਂ ਦੇ ਨਾਮ ਵੀ ਇਸ FIR (ਐਫਆਈਆਰ) ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ, ਕਿਉਂਕਿ ਇੰਨੇ ਵੱਡੇ ਪੱਧਰ ‘ਤੇ ਫਰਜ਼ੀਵਾੜਾ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ।






