ਸਕੂਲ ਲੈਬ ਸਟਾਫ਼ ਯੂਨੀਅਨ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ; 11 ਅਪ੍ਰੈਲ ਨੂੰ ਦਿੜ੍ਹਬਾ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਦਾ ਹੋਵੇਗਾ ਘਿਰਾਓ
ਬਠਿੰਡਾ 08 ਅਪ੍ਰੈਲ 2026-
ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਯੂਨੀਅਨ ਵੱਲੋਂ 11 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿਖੇ ਇੱਕ ਵਿਸ਼ਾਲ ਸੰਕੇਤਕ ਧਰਨਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ।
ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਇਸ ਸੰਘਰਸ਼ ਦੇ ਮੁੱਖ ਕਾਰਨਾਂ ‘ਤੇ ਚਾਨਣਾ ਪਾਇਆ ਕਿ ਸਾਲ 2011 ਵਿੱਚ ਐੱਸ.ਐੱਲ.ਏ. (SLA) ਕੇਡਰ ਦੇ ਬਰਾਬਰ ਦੀਆਂ ਹੋਰ ਆਸਾਮੀਆਂ ਨੂੰ ਉਚੇਰੇ ਪੇਅ ਸਕੇਲ ਦੇ ਦਿੱਤੇ ਗਏ ਸਨ, ਜਿਸ ਨਾਲ ਲੈਬ ਸਟਾਫ਼ ਦੀ ਪੇਅ ਪੈਰਿਟੀ (ਤਨਖਾਹ ਦੀ ਬਰਾਬਰਤਾ) ਟੁੱਟ ਗਈ ਸੀ।
ਜਥੇਬੰਦੀ ਇਸ ਵਿਤਕਰੇ ਨੂੰ ਖ਼ਤਮ ਕਰਵਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਸਰਕਾਰ ਵੱਲੋਂ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਹੁਣ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਦਿੜ੍ਹਬਾ ਵਿਖੇ ਹੋਣ ਵਾਲੇ ਇਸ ਐਕਸ਼ਨ ਵਿੱਚ ਬਠਿੰਡਾ ਜਿਲ੍ਹੇ ਦੇ ਸਮੂਹ ਐੱਸ.ਐੱਲ.ਏ. ਸਾਥੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ‘ਤੇ ਜਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸਿੱਧੂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਮੌੜ, ਸੰਯੁਕਤ ਸਕੱਤਰ ਗੁਰਦੀਪ ਸਿੰਘ ਰਾਮਪੁਰਾ, ਵਿੱਤ ਸਕੱਤਰ ਹਰਜੀਤ ਸਿੰਘ ਕੇਸਰ ਸਿੰਘ ਵਾਲਾ, ਪ੍ਰੈੱਸ ਸਕੱਤਰ ਹਰਿੰਦਰ ਸਿੰਘ ਮੱਲਕੇ, ਜਥੇਬੰਦਕ ਸਕੱਤਰ ਰਾਜਵੰਤ ਸਿੰਘ ਬੇਗਾ, ਜਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਖਿਆਲੀਵਾਲਾ, ਟਿੰਕੂ ਚਾਵਲਾ ਤੇ ਮੁਕੇਸ਼ ਕੋੜਾ ਹਾਜ਼ਰ ਸਨ।






