Canada ਤੋਂ ਵੱਡੀ ਖ਼ਬਰ: ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ‘ਚ ਮੌਤ
ਪੜ੍ਹਾਈ ਦੇ ਸੁਪਨੇ ਲੈ ਕੇ 2021 ‘ਚ ਕੈਨੇਡਾ ਗਈ ਸੀ ਅਨਮੋਲਦੀਪ
ਓਨਟਾਰੀਓ (Canada), 24 ਅਪ੍ਰੈਲ, 2026: ਕੈਨੇਡਾ ਦੀ ਧਰਤੀ ਤੋਂ ਇੱਕ ਵਾਰ ਫਿਰ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਓਨਟਾਰੀਓ ਸੂਬੇ ਦੇ ਬੈਰੀ (Barrie) ਸ਼ਹਿਰ ਵਿੱਚ ਲੁਧਿਆਣਾ ਦੀ ਰਹਿਣ ਵਾਲੀ 24 ਸਾਲਾ ਭਾਰਤੀ ਵਿਦਿਆਰਥਣ ਅਨਮੋਲਦੀਪ ਕੌਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਅਨਮੋਲਦੀਪ ਕੌਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਨੇੜਲੇ ਪਾਰਕ ਵਿੱਚ ਸੈਰ ਕਰਨ ਲਈ ਗਈ ਸੀ। ਇਹ ਪਾਰਕ ਉਸਦੀ ਰਿਹਾਇਸ਼ ਅਤੇ ਜਾਰਜੀਅਨ ਕਾਲਜ (Georgian College) ਦੇ ਵਿਚਕਾਰ ਸਥਿਤ ਹੈ।
ਦੱਸਿਆ ਜਾ ਰਿਹਾ ਹੈ ਕਿ ਸੈਰ ਦੌਰਾਨ ਉਹ ਇੱਕ ਬੈਂਚ ‘ਤੇ ਆਰਾਮ ਕਰਨ ਲਈ ਬੈਠੀ ਸੀ, ਪਰ ਉੱਥੇ ਹੀ ਉਹ ਬੇਸੁੱਧ ਹੋ ਗਈ। ਪਾਰਕ ਵਿੱਚ ਮੌਜੂਦ ਰਾਹਗੀਰਾਂ ਨੇ ਜਦੋਂ ਉਸਨੂੰ ਕਾਫੀ ਦੇਰ ਤੱਕ ਇੱਕੋ ਹਾਲਤ ਵਿੱਚ ਦੇਖਿਆ ਤਾਂ ਉਨ੍ਹਾਂ ਨੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਅਨਮੋਲਦੀਪ ਕੌਰ ਸਾਲ 2021 ਵਿੱਚ ਆਪਣੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਗਈ ਸੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਇਸ ਸਮੇਂ ਵੈਧ ਵਰਕ ਪਰਮਿਟ ‘ਤੇ ਸੀ ਅਤੇ ਚਾਈਲਡ ਕੇਅਰ (ਬਾਲ ਸੰਭਾਲ) ਦੇ ਖੇਤਰ ਵਿੱਚ ਕੰਮ ਕਰ ਰਹੀ ਸੀ। ਪਰਿਵਾਰ ਨੂੰ ਉਸ ਤੋਂ ਬਹੁਤ ਉਮੀਦਾਂ ਸਨ, ਪਰ ਇਸ ਅਚਾਨਕ ਵਾਪਰੀ ਘਟਨਾ ਨੇ ਸਭ ਕੁਝ ਖੇਰੂੰ-ਖੇਰੂੰ ਕਰ ਦਿੱਤਾ ਹੈ।
ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਕੁਦਰਤੀ ਮੌਤ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹਨ।
ਲੁਧਿਆਣਾ ਵਿੱਚ ਰਹਿੰਦੇ ਅਨਮੋਲਦੀਪ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾ ਸਕਣ।






