ਸਾਵਧਾਨ! LPG ਗੈਸ ਗਾਹਕਾਂ ਲਈ e-KYC ਲਾਜ਼ਮੀ: ਅੱਜ ਤੋਂ ਸਬਸਿਡੀ ਵਾਲੇ ਸਿਲੰਡਰਾਂ ਦੀ ਸਪਲਾਈ ਬੰਦ, ਜਾਣੋ ਨਵੇਂ ਨਿਯਮ
ਨਵੀਂ ਦਿੱਲੀ, 2 ਮਈ 2026: ਕੇਂਦਰ ਸਰਕਾਰ ਨੇ LPG ਅਤੇ PNG ਕਨੈਕਸ਼ਨਾਂ ਲਈ ਈ-ਕੇਵਾਈਸੀ (e-KYC) ਨੂੰ ਲਾਜ਼ਮੀ ਕਰ ਦਿੱਤਾ ਹੈ।
ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣੀ ਵੈਰੀਫਿਕੇਸ਼ਨ ਨਹੀਂ ਕਰਵਾਈ, ਉਨ੍ਹਾਂ ਨੂੰ ਹੁਣ ਗੈਸ ਸਿਲੰਡਰ ਦੀ ਡਿਲੀਵਰੀ ਨਹੀਂ ਮਿਲੇਗੀ।
ਤੇਲ ਕੰਪਨੀਆਂ ਦੇ ਨਵੇਂ ਨਿਰਦੇਸ਼ਾਂ ਅਨੁਸਾਰ, 1 ਮਈ 2026 ਤੋਂ ਬਿਨਾਂ ਕੇਵਾਈਸੀ ਵਾਲੇ ਖਪਤਕਾਰਾਂ ਦੀ ਸਬਸਿਡੀ ਵਾਲੀ ਗੈਸ ਸਪਲਾਈ ਰੋਕ ਦਿੱਤੀ ਗਈ ਹੈ।
KYC ਨਾ ਹੋਣ ‘ਤੇ ਕਨੈਕਸ਼ਨ ਹੋਵੇਗਾ ਬੰਦ
ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਡੁਪਲੀਕੇਟ ਕਨੈਕਸ਼ਨਾਂ ਨੂੰ ਰੋਕਣ ਅਤੇ ਸਬਸਿਡੀ ਦੀ ਦੁਰਵਰਤੋਂ ਨੂੰ ਠੱਲ੍ਹ ਪਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਜੇਕਰ ਤੁਹਾਡੀ KYC ਅਧੂਰੀ ਹੈ ਜਾਂ ਬੈਂਕ ਖਾਤਾ ਐਕਟਿਵ ਨਹੀਂ ਹੈ, ਤਾਂ ਗੈਸ ਕਨੈਕਸ਼ਨ ਬੰਦ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਕੋਲ ਦੋ ਕਨੈਕਸ਼ਨ ਹਨ, ਤਾਂ ਉਨ੍ਹਾਂ ਵਿੱਚੋਂ ਇੱਕ ਨੂੰ ਬੰਦ ਕਰਨਾ ਪਵੇਗਾ।
PNG ਗਾਹਕਾਂ ਲਈ ਅਹਿਮ ਹਦਾਇਤ/ਹੁਣ OTP ਦੇਣ ‘ਤੇ ਹੀ ਮਿਲੇਗਾ ਸਿਲੰਡਰ
ਜੇਕਰ ਤੁਸੀਂ ਆਪਣੇ ਘਰ ਵਿੱਚ PNG ਕਨੈਕਸ਼ਨ ਲਗਵਾ ਲਿਆ ਹੈ, ਤਾਂ ਤੁਹਾਨੂੰ ਆਪਣਾ ਪੁਰਾਣਾ LPG ਕਨੈਕਸ਼ਨ ਸਰੈਂਡਰ ਕਰਨਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਤੁਹਾਡੀ ਗੈਸ ਸਪਲਾਈ ਬੰਦ ਕਰ ਦਿੱਤੀ ਜਾਵੇਗੀ।
ਨਵੇਂ ਨਿਯਮਾਂ ਅਨੁਸਾਰ ਹੁਣ ਸਿਲੰਡਰ ਦੀ ਡਿਲੀਵਰੀ OTP (ਡਿਲੀਵਰੀ ਕੋਡ) ਰਾਹੀਂ ਹੋਵੇਗੀ। ਸਿਲੰਡਰ ਬੁੱਕ ਕਰਨ ‘ਤੇ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਕੋਡ ਆਵੇਗਾ। ਜਦੋਂ ਡਿਲੀਵਰੀ ਏਜੰਟ ਘਰ ਆਵੇਗਾ, ਤਾਂ ਉਸ ਨੂੰ ਇਹ ਕੋਡ ਦੇਣਾ ਪਵੇਗਾ। ਕੋਡ ਵੈਰੀਫਾਈ ਹੋਣ ਤੋਂ ਬਾਅਦ ਹੀ ਸਿਲੰਡਰ ਦਿੱਤਾ ਜਾਵੇਗਾ।
ਸਿਲੰਡਰ ਦੀ ਸਪਲਾਈ ਜਾਰੀ ਰੱਖਣ ਲਈ ਕੀ ਕਰੀਏ?
ਤੁਰੰਤ ਆਪਣੇ ਗੈਸ ਡਿਸਟ੍ਰੀਬਿਊਟਰ ਕੋਲ ਜਾ ਕੇ ਆਧਾਰ ਕਾਰਡ ਰਾਹੀਂ E-KYC ਕਰਵਾਓ। OTP ਪ੍ਰਾਪਤ ਕਰਨ ਲਈ ਆਪਣਾ ਮੋਬਾਈਲ ਨੰਬਰ ਰਜਿਸਟਰ ਜਾਂ ਅਪਡੇਟ ਕਰਵਾਓ। ਇਹ ਯਕੀਨੀ ਬਣਾਓ ਕਿ ਸਬਸਿਡੀ ਲਈ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੈ। ਜੇਕਰ PNG ਵਰਤ ਰਹੇ ਹੋ, ਤਾਂ ਵਾਧੂ LPG ਕਨੈਕਸ਼ਨ ਸਰੈਂਡਰ ਕਰੋ। ਜਿਨ੍ਹਾਂ ਗਾਹਕਾਂ ਨੇ ਆਪਣੀ ਵੈਰੀਫਿਕੇਸ਼ਨ ਪਹਿਲਾਂ ਹੀ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਨਿਰੰਤਰ ਮਿਲਦੀ ਰਹੇਗੀ।






