ਵੱਡੀ ਖ਼ਬਰ: ਅਧਿਆਪਕਾਂ ਨੇ ਖੋਲ੍ਹਿਆ AAP ਸਰਕਾਰ ਵਿਰੁੱਧ ਮੋਰਚਾ; 17 ਮਈ ਨੂੰ ਮੋਹਾਲੀ ‘ਚ ਹੋਵੇਗਾ ਸੂਬਾ ਪੱਧਰੀ ਇਕੱਠ

 

ਵੱਡੀ ਖ਼ਬਰ: ਅਧਿਆਪਕਾਂ ਨੇ ਖੋਲ੍ਹਿਆ AAP ਸਰਕਾਰ ਵਿਰੁੱਧ ਮੋਰਚਾ; 17 ਮਈ ਨੂੰ ਮੋਹਾਲੀ ‘ਚ ਹੋਵੇਗਾ ਸੂਬਾ ਪੱਧਰੀ ਇਕੱਠ

ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੰਜਾਬ ਸਕੇਲ ਸਮੇਤ ਕਈ ਵਿੱਤੀ ਮੰਗਾਂ ਨੂੰ ਲੈ ਕੇ ਹੋਵੇਗਾ ਪ੍ਰਦਰਸ਼ਨ

ਆਗੂਆਂ ਦਾ ਐਲਾਨ, “ਹਰ ਸਕੂਲ ਤੱਕ ਪਹੁੰਚ ਕਰਕੇ ਅਧਿਆਪਕਾਂ ਨੂੰ ਕੀਤਾ ਜਾਵੇਗਾ ਲਾਮਬੰਦ”

ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆ ਕਰਨ ‘ਤੇ ਅਧਿਆਪਕ ਵਰਗ ਵਿੱਚ ਭਾਰੀ ਰੋਸ

ਰਾਜਪੁਰਾ/ਪਟਿਆਲਾ, 13 ਮਈ 2026 : ਪੰਜਾਬ ਦੀਆਂ ਵੱਖ-ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। 17 ਮਈ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਰਾਜਪੁਰਾ ਦੇ ਸ਼ਿਵਾ ਜੀ ਪਾਰਕ ਵਿਖੇ ਅਧਿਆਪਕ ਆਗੂਆਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਹੋਈ। (AAP)

ਮੀਟਿੰਗ ਦੌਰਾਨ ਬੋਲਦਿਆਂ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਅਹਿਮ ਵਿੱਤੀ ਮੰਗਾਂ, ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਇੰਨ-ਬਿੰਨ ਲਾਗੂ ਕਰਨਾ, ਪੰਜਾਬ ਸਕੇਲ ਮੁਹੱਈਆ ਕਰਵਾਉਣਾ ਅਤੇ ਕੱਟੇ ਗਏ ਵੱਖ-ਵੱਖ ਭੱਤਿਆਂ ਨੂੰ ਬਹਾਲ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਇਨ੍ਹਾਂ ਮਸਲਿਆਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ।

17 ਮਈ ਦੇ ਪ੍ਰੋਗਰਾਮ ਨੂੰ ਇਤਿਹਾਸਕ ਬਣਾਉਣ ਲਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅਧਿਆਪਕ ਆਗੂ ਹਰ ਸਕੂਲ ਤੱਕ ਪਹੁੰਚ ਕਰਨਗੇ। ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਮੋਹਾਲੀ ਪਹੁੰਚਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਸਕੇ।

ਇਸ ਮੌਕੇ ਹਰਵਿੰਦਰ ਰੱਖੜਾ (ਜ਼ਿਲ੍ਹਾ ਪ੍ਰਧਾਨ, ਡੀ.ਟੀ.ਐੱਫ.), ਖੁਸ਼ਪ੍ਰੀਤ ਸਿੰਘ ਲਾਡੀ (ਜ਼ਿਲ੍ਹਾ ਪ੍ਰਧਾਨ, ਈ.ਟੀ.ਟੀ. 6635), ਦਾਨਿਸ਼ ਭੱਟੀ (ਸੂਬਾ ਆਗੂ), ਸੁਖਦੇਵ ਸਿੰਘ ਰਾਜਪੁਰਾ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।

ਇਨ੍ਹਾਂ ਤੋਂ ਇਲਾਵਾ ਕ੍ਰਿਸ਼ਨ ਸਿੰਘ ਚਹਾਣਕੇ, ਕਪੂਰ ਸਿੰਘ, ਰਾਹੁਲ, ਲਵਦੀਪ ਸਿੰਘ, ਪ੍ਰਸ਼ਾਂਤ, ਮੈਡਮ ਅਮਨਪ੍ਰੀਤ ਕੌਰ, ਮੈਡਮ ਕਿਰਨ ਬਾਲਾ, ਅਮਿਤ ਕੁਮਾਰ, ਦੀਪਕ ਕੁਮਾਰ, ਨਗੀਨ ਅਤੇ ਬੂਟਾ ਸਿੰਘ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਇਹ ਇਕੱਠ ਡੀ.ਟੀ.ਐੱਫ. ਯੂਨੀਅਨ ਪਟਿਆਲਾ ਅਤੇ ਈ.ਟੀ.ਟੀ. 6635 ਅਧਿਆਪਕ ਯੂਨੀਅਨ (ਇਕਾਈ ਪਟਿਆਲਾ) ਵੱਲੋਂ ਸਾਂਝੇ ਤੌਰ ‘ਤੇ ਜਥੇਬੰਦ ਕੀਤਾ ਜਾ ਰਿਹਾ ਹੈ।