CM Bhagwant Mann Bomb Threat: CM ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!
ਸਰਕਾਰੀ ਈਮੇਲ ‘ਤੇ ਆਇਆ ਧਮਕੀ ਭਰਿਆ ਪੱਤਰ; ਸਾਬਕਾ ਸੀਐਮ ਬੇਅੰਤ ਸਿੰਘ ਵਰਗਾ ਹਸ਼ਰ ਕਰਨ ਦੀ ਚੇਤਾਵਨੀ
ਸੁਨੀਲ ਜਾਖੜ ਨੂੰ 6 ਜੂਨ ਤੱਕ ਦਾ ਅਲਟੀਮੇਟਮ; ਭਾਜਪਾ ਹੈੱਡਕੁਆਰਟਰ ਉਡਾਉਣ ਦੀ ਵੀ ਗੱਲ ਕਹੀ
ਧਮਾਕਿਆਂ ਦਾ ਸਮਾਂ ਨਿਰਧਾਰਤ: ਸੀਐਮ ਹਾਊਸ ਦੁਪਹਿਰ 1:11 ਵਜੇ ਅਤੇ ਭਾਜਪਾ ਦਫ਼ਤਰ ਰਾਤ 9:11 ਵਜੇ
ਸੁਰੱਖਿਆ ਏਜੰਸੀਆਂ ਹਰਕਤ ਵਿੱਚ; ਭਾਜਪਾ ਦਫ਼ਤਰ ਦੇ ਬਾਹਰ CRPF ਅਤੇ ਪੁਲਿਸ ਤਾਇਨਾਤ
ਚੰਡੀਗੜ੍ਹ, 13 ਮਈ 2026:
CM Bhagwant Mann Bomb Threat: ਪੰਜਾਬ ਦੀ ਸਿਆਸਤ ਅਤੇ ਸੁਰੱਖਿਆ ਹਲਕਿਆਂ ਵਿੱਚ ਉਸ ਵੇਲੇ ਭਾਜੜ ਮਚ ਗਈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲੀ।
ਇਹ ਧਮਕੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਅਧਿਕਾਰਤ ਈਮੇਲ ਆਈਡੀਜ਼ ‘ਤੇ ਭੇਜੀ ਗਈ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਤੇਜ਼ ਕਰ ਦਿੱਤੀ ਹੈ।
ਧਮਕੀ ਭਰੀ ਈਮੇਲ ਵਿੱਚ ਬੇਹੱਦ ਇਤਰਾਜ਼ਯੋਗ ਅਤੇ ਡਰਾਉਣੀ ਸ਼ਬਦਾਵਲੀ ਵਰਤੀ ਗਈ ਹੈ। ਮੇਲ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਲ ਜਾਖੜ ਦਾ ਹਸ਼ਰ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਕੀਤਾ ਜਾਵੇਗਾ (ਜਿਨ੍ਹਾਂ ਦੀ ਬੰਬ ਧਮਾਕੇ ਵਿੱਚ ਹੱਤਿਆ ਹੋਈ ਸੀ)।
ਪੱਤਰ ਵਿੱਚ 1984 ਦੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ‘ਖ਼ਾਲਿਸਤਾਨ’ ਬਣਾਉਣ ਦੀ ਗੱਲ ਵੀ ਕਹੀ ਗਈ ਹੈ। ਇਸ ਧਮਕੀ ਵਿੱਚ ਵਿਸ਼ੇਸ਼ ਤੌਰ ‘ਤੇ ਸੁਨੀਲ ਜਾਖੜ ਦਾ ਨਾਂ ਲੈਂਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 6 ਜੂਨ ਤੱਕ ਨਿਸ਼ਾਨਾ ਬਣਾਇਆ ਜਾਵੇਗਾ।
ਸਿਰਫ਼ ਇੰਨਾ ਹੀ ਨਹੀਂ, ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਅਤੇ ਦਿੱਲੀ ਸਥਿਤ ਪਾਰਟੀ ਦੇ ਕੇਂਦਰੀ ਹੈੱਡਕੁਆਰਟਰ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਧਮਕੀ ਦੇਣ ਵਾਲੇ ਨੇ ਧਮਾਕਿਆਂ ਦਾ ਸਮਾਂ ਵੀ ਦੱਸਿਆ ਹੈ। ਈਮੇਲ ਮੁਤਾਬਕ, ਸੀਐਮ ਹਾਊਸ ਦੁਪਹਿਰ 1:11 ਵਜੇ, ਭਾਜਪਾ ਦਫ਼ਤਰ ਰਾਤ 9:11 ਵਜੇ ਦਾ ਸਮਾਂ ਸੀ।ਹਾਲਾਂਕਿ, ਇਹ ਧਮਾਕੇ ਕਿਸ ਤਰੀਕ ਨੂੰ ਹੋਣਗੇ, ਇਸ ਬਾਰੇ ਮੇਲ ਵਿੱਚ ਸਪੱਸ਼ਟ ਨਹੀਂ ਕੀਤਾ ਗਿਆ।
ਧਮਕੀ ਮਿਲਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਲਿਆ ਹੈ। ਪੰਜਾਬ ਭਾਜਪਾ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉੱਥੇ ਸੀ.ਆਰ.ਪੀ.ਐਫ (CRPF) ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।
ਹਰ ਆਉਣ-ਜਾਣ ਵਾਲੇ ਵਿਅਕਤੀ ਅਤੇ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਦੌਰੇ ‘ਤੇ ਹਨ।
ਚੰਡੀਗੜ੍ਹ ਪੁਲਿਸ ਦਾ ਸਾਈਬਰ ਸੈੱਲ ਇਸ ਈਮੇਲ ਦੇ ਆਈਪੀ (IP) ਐਡਰੈੱਸ ਨੂੰ ਟਰੇਸ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਰਤ ਕਿਸੇ ਵਿਅਕਤੀ ਦੀ ਹੈ ਜਾਂ ਕਿਸੇ ਅੱਤਵਾਦੀ ਸੰਗਠਨ ਦੀ ਸਾਜ਼ਿਸ਼।






