PSEB Chairman Order Controversy! PSEB ਦੇ ਚੇਅਰਮੈਨ ਦੇ ਹੁਕਮਾਂ ‘ਤੇ ਉੱਠੇ ਸਵਾਲ; ਮੁੱਖ ਮੰਤਰੀ ਦੇ ਆਦੇਸ਼ਾਂ ਦੇ ਉਲਟ ਜਨਗਣਨਾ ਮੁਲਾਜ਼ਮਾਂ ਨੂੰ ਸਵੇਰੇ 8:30 ਵਜੇ ਦਫ਼ਤਰ ਹਾਜ਼ਰ ਹੋਣ ਦੇ ਨਿਰਦੇਸ਼

 

PSEB Chairman Order Controversy! PSEB ਦੇ ਚੇਅਰਮੈਨ ਦੇ ਹੁਕਮਾਂ ‘ਤੇ ਉੱਠੇ ਸਵਾਲ; ਮੁੱਖ ਮੰਤਰੀ ਦੇ ਆਦੇਸ਼ਾਂ ਦੇ ਉਲਟ ਜਨਗਣਨਾ ਮੁਲਾਜ਼ਮਾਂ ਨੂੰ ਸਵੇਰੇ 8:30 ਵਜੇ ਦਫ਼ਤਰ ਹਾਜ਼ਰ ਹੋਣ ਦੇ ਨਿਰਦੇਸ਼

ਪਹਿਲਾਂ ਸਵੇਰੇ 11 ਵਜੇ ਤੱਕ ਮਿਲੀ ਛੋਟ ਕੀਤੀ ਗਈ ਖ਼ਤਮ

ਮੁਲਾਜ਼ਮਾਂ ਦਾ ਸਵਾਲ; “ਜੇਕਰ ਦੁਪਹਿਰ 1:30 ਵਜੇ ਤੱਕ ਦਫ਼ਤਰ ਰਹਾਂਗੇ, ਤਾਂ ਜਨਗਣਨਾ (Census) ਦਾ ਕੰਮ ਕਿਸ ਵੇਲੇ ਕਰਾਂਗੇ?”- ਸਮਾਂ ਸਵੇਰੇ 11 ਵਜੇ ਤੋਂ ਕਰਨ ਦੀ ਮੰਗ

ਐਸ.ਏ.ਐਸ. ਨਗਰ (ਮੋਹਾਲੀ), 24 May 2026:

PSEB Chairman Order Controversy! ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਚੇਅਰਮੈਨ ਵੱਲੋਂ ਜਨਗਣਨਾ (Census) ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਲਈ ਜਾਰੀ ਕੀਤੇ ਗਏ ਇੱਕ ਨਵੇਂ ਹੁਕਮ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬੋਰਡ ਦੇ ਚੇਅਰਮੈਨ ਵੱਲੋਂ ਜਾਰੀ ਇਹ ਹੁਕਮ ਕਥਿਤ ਤੌਰ ‘ਤੇ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੌਜੂਦਾ ਨਿਯਮਾਂ ਦੇ ਉਲਟ ਦੱਸੇ ਜਾ ਰਹੇ ਹਨ, ਜਿਸ ਕਾਰਨ ਜਨਗਣਨਾ ਡਿਊਟੀ ਕਰ ਰਹੇ ਮੁਲਾਜ਼ਮਾਂ ਵਿੱਚ ਭਾਰੀ ਮਾਨਸਿਕ ਪਰੇਸ਼ਾਨੀ ਅਤੇ ਰੋਸ ਪਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਨਗਣਨਾ ਡਿਊਟੀ ਵਾਲੇ ਮੁਲਾਜ਼ਮਾਂ ਨੂੰ ਪਹਿਲਾਂ ਸਵੇਰੇ 11 ਵਜੇ ਤੱਕ ਦਫ਼ਤਰੀ ਡਿਊਟੀ ਤੋਂ ਫ਼ਾਰਗ (ਛੋਟ) ਕੀਤਾ ਗਿਆ ਸੀ ਤਾਂ ਜੋ ਉਹ ਸਵੇਰ ਦੇ ਸਮੇਂ ਫੀਲਡ ਵਿੱਚ ਜਾ ਕੇ ਜਨਗਣਨਾ ਦਾ ਕੰਮ ਸੁਚਾਰੂ ਢੰਗ ਨਾਲ ਕਰ ਸਕਣ।

ਪਰ ਹੁਣ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਸ਼ਾਸਨ ਵੱਲੋਂ ਇਸ ਛੋਟ ਨੂੰ ਖ਼ਤਮ ਕਰਦਿਆਂ ਹੋਇਆਂ ਸਮੂਹ ਜਨਗਣਨਾ ਮੁਲਾਜ਼ਮਾਂ ਨੂੰ ਸਵੇਰੇ 8:30 ਵਜੇ ਹੀ ਦਫ਼ਤਰ ਹਾਜ਼ਰ ਹੋਣ ਦੇ ਸਖ਼ਤ ਆਦੇਸ਼ ਦੇ ਦਿੱਤੇ ਗਏ ਹਨ।

ਬੋਰਡ ਦੇ ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕੁਝ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਹ ਸਵੇਰੇ ਸਾਢੇ 8 ਵਜੇ ਦਫ਼ਤਰ ਆ ਜਾਣਗੇ, ਤਾਂ ਉਹ ਜਨਗਣਨਾ ਦਾ ਕੰਮ ਕਿਹੜੇ ਸਮੇਂ ਕਰਨਗੇ? ਕਿਉਂਕਿ ਦਫ਼ਤਰ ਦੀ ਛੁੱਟੀ ਦੁਪਹਿਰ 1:30 ਵਜੇ ਹੁੰਦੀ ਹੈ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਹ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਨੂੰ ਚਾਰ-ਪੰਜ ਵਜੇ ਤੋਂ ਬਾਅਦ ਜਨਗਣਨਾ ਦਾ ਕੰਮ ਸ਼ੁਰੂ ਕਰਦੇ ਹਨ, ਤਾਂ ਲੋਕਾਂ ਦੇ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨ ਦਾ ਇਹ ਅਹਿਮ ਕੰਮ ਸਮੇਂ ਸਿਰ ਨੇਪਰੇ ਨਹੀਂ ਚੜ੍ਹ ਸਕੇਗਾ।

ਇਸ ਤੋਂ ਇਲਾਵਾ ਦੁਪਹਿਰ ਵੇਲੇ ਅੱਤ ਦੀ ਪੈ ਰਹੀ ਗਰਮੀ ਕਾਰਨ ਵੀ ਫੀਲਡ ਵਿੱਚ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ।

ਪ੍ਰੇਸ਼ਾਨ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਦਫ਼ਤਰ ਆਉਣ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕੀਤਾ ਜਾਵੇ।

ਇਸ ਤਰ੍ਹਾਂ ਕਰਨ ਨਾਲ ਉਹ ਸਵੇਰੇ ਜਲਦੀ ਜਨਗਣਨਾ ਦਾ ਕੰਮ ਕਰ ਸਕਣਗੇ ਅਤੇ ਬਾਅਦ ਵਿੱਚ ਸ਼ਾਮ ਦੇ ਸਮੇਂ ਵੀ ਫੀਲਡ ਡਿਊਟੀ ਕਰਕੇ ਆਪਣੇ ਕੰਮ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰ ਸਕਣਗੇ।

ਸੂਤਰਾਂ ਮੁਤਾਬਕ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਵੱਲੋਂ ਮੁਲਾਜ਼ਮਾਂ ਨੂੰ ਸਵੇਰੇ 8:30 ਵਜੇ ਦਫ਼ਤਰ ਸੱਦਣ ਦਾ ਇਹ ਹੁਕਮ ਪੂਰੀ ਤਰ੍ਹਾਂ ਨਿਯਮਾਂ ਦੇ ਉਲਟ ਪ੍ਰਤੀਤ ਹੁੰਦਾ ਹੈ, ਜਿਸ ਨਾਲ ਜਨਗਣਨਾ ਵਰਗੇ ਰਾਸ਼ਟਰੀ ਮਹੱਤਵ ਦੇ ਕੰਮ ਵਿੱਚ ਰੁਕਾਵਟ ਆ ਸਕਦੀ ਹੈ।

ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ।