Teacher News: ਅਧਿਆਪਕਾਂ ਵਿਰੁੱਧ ਪੁਲਿਸ ਕਾਰਵਾਈ ਦੇ ਪੱਤਰ ਖ਼ਿਲਾਫ਼ ਭੜਕੀਆਂ ਜਥੇਬੰਦੀਆਂ; 29 ਮਈ ਨੂੰ DC ਸੰਗਰੂਰ ਦੇ ਦਫ਼ਤਰ ਅੱਗੇ ਲੱਗੇਗਾ ਜ਼ਿਲ੍ਹਾ ਪੱਧਰੀ ਧਰਨਾ
ਇੱਕੋ ਸਮੇਂ ਦੋ ਡਿਊਟੀਆਂ ਦੇਣ ਦਾ ਮਾਮਲਾ: ਜਨਗਣਨਾ ਡਿਊਟੀ ਕਾਰਨ ਚੋਣ ਰਿਹਰਸਲ ‘ਚ ਨਹੀਂ ਪਹੁੰਚ ਸਕੇ ਸਨ ਅਧਿਆਪਕ
BDPO ਧੂਰੀ ਵੱਲੋਂ ਕਾਰਵਾਈ ਲਈ ਲਿਖੇ ਪੱਤਰ ‘ਤੇ ਅਧਿਆਪਕਾਂ ‘ਚ ਭਾਰੀ ਰੋਸ; ਪ੍ਰਸ਼ਾਸਨ ‘ਤੇ ਲਾਏ ਗਲਤ ਬਿਆਨੀ ਦੇ ਦੋਸ਼
ਜ਼ਿਲ੍ਹਾ ਚੋਣ ਅਫ਼ਸਰ ਨੂੰ ਸੌਂਪੀ ਸ਼ਿਕਾਇਤ; ਆਗੂਆਂ ਨੇ ਕਿਹਾ- “ਧਮਕੀਆਂ ਤੋਂ ਡਰਾਂਗੇ ਨਹੀਂ, ਜ਼ਬਰ ਦਾ ਡਟ ਕੇ ਕਰਾਂਗੇ ਮੁਕਾਬਲਾ”
Teacher News: ਸੰਗਰੂਰ/ਧੂਰੀ, 26 ਮਈ 2026: ਨਗਰ ਕੌਂਸਲ ਚੋਣਾਂ ਧੂਰੀ ਦੇ ਰਿਟਰਨਿੰਗ ਅਫ਼ਸਰ-ਕਮ-ਬੀ.ਡੀ.ਪੀ.ਓ. (BDPO) ਧੂਰੀ ਵੱਲੋਂ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਵਿਰੁੱਧ ਪੁਲਿਸ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਸਰਵਿਸ ਬੁੱਕ (ਸੇਵਾ ਪੱਤਰੀ) ਵਿੱਚ ਨਕਾਰਾਤਮਕ ਇੰਦਰਾਜ਼ ਦਰਜ ਕਰਨ ਲਈ ਕੱਢੇ ਗਏ ਇੱਕ ਪੱਤਰ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਵਿੱਚ ਤਿੱਖਾ ਰੋਸ ਫੈਲ ਗਿਆ ਹੈ।
ਪ੍ਰਸ਼ਾਸਨ ਦੇ ਇਸ ਕਦਮ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ. (ਦਿਗਵਿਜੇ ਪਾਲ) ਅਤੇ ਡੀ.ਟੀ.ਐੱਫ. (ਵਿਕਰਮ ਦੇਵ, ਸਬੰਧਤ ਡੀ.ਐੱਮ.ਐੱਫ) ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀਸੀ ਸੰਗਰੂਰ ਦੇ ਦਫ਼ਤਰ ਮੂਹਰੇ 29 ਮਈ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।
ਮਸਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਦਾਤਾ ਸਿੰਘ ਨਮੋਲ, ਸੁਖਵਿੰਦਰ ਗਿਰ, ਸੁਖਜਿੰਦਰ ਸੰਗਰੂਰ, ਦਲਜੀਤ ਸਫੀਪੁਰ, ਜਸਬੀਰ ਨਮੋਲ ਅਤੇ ਦੀਨਾ ਨਾਥ ਨੇ ਦੱਸਿਆ ਕਿ ਉਕਤ ਰਿਟਰਨਿੰਗ ਅਫ਼ਸਰ ਵੱਲੋਂ 23 ਮਈ ਨੂੰ ਰੱਖੀ ਗਈ ਚੋਣ ਰਿਹਰਸਲ ਵਿੱਚ ਸ਼ਾਮਿਲ ਨਾ ਹੋਣ ‘ਤੇ ਅਧਿਆਪਕਾਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਸਨ।
ਜਥੇਬੰਦੀਆਂ ਨੇ ਤੁਰੰਤ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਸੀ ਕਿ ਇਹ ਅਧਿਆਪਕ ਜਾਣ-ਬੁੱਝ ਕੇ ਗ਼ੈਰ-ਹਾਜ਼ਰ ਨਹੀਂ ਹੋਏ, ਬਲਕਿ ਉਹ ਪਹਿਲਾਂ ਤੋਂ ਹੀ ਚੱਲ ਰਹੀ ਜਨਗਣਨਾ ਵਿੱਚ ਆਪਣੇ-ਆਪਣੇ ਖੇਤਰਾਂ ਅੰਦਰ ਜਨਗਣਨਾ ਦੀ ਅਹਿਮ ਡਿਊਟੀ ਨਿਭਾ ਰਹੇ ਹਨ। ਆਗੂਆਂ ਨੇ ਤਰਕ ਦਿੱਤਾ ਕਿ ਕਿਸੇ ਵੀ ਮੁਲਾਜ਼ਮ ਲਈ ਇੱਕੋ ਸਮੇਂ ਦੋ ਵੱਖ-ਵੱਖ ਥਾਵਾਂ ‘ਤੇ ਡਿਊਟੀ ਕਰਨਾ ਨਾਮੁਮਕਿਨ ਹੈ।
ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਰਿਟਰਨਿੰਗ ਅਫ਼ਸਰ ਨੇ ਅਧਿਆਪਕਾਂ ਵੱਲੋਂ ਦਿੱਤੇ ਗਏ ਵਾਜਿਬ ਜਵਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਅਧੂਰੇ ਤੱਥ ਦੇ ਕੇ ਅਤੇ ਗਲਤ ਬਿਆਨੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਗਰੂਰ ਨੂੰ ਪੱਤਰ ਲਿਖ ਕੇ ਇਨ੍ਹਾਂ ਨਿਰਦੋਸ਼ ਅਧਿਆਪਕਾਂ ਖ਼ਿਲਾਫ਼ ਪੁਲਿਸ ਕਾਰਵਾਈ ਅਤੇ ਸਰਵਿਸ ਰਿਕਾਰਡ ਖ਼ਰਾਬ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ।
ਵਿਆਪਕ ਰੋਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਅਧਿਆਪਕ ਅੱਜ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਨੂੰ ਮਿਲਣ ਪਹੁੰਚੇ। ਡੀਸੀ ਦਫ਼ਤਰ ਵੱਲੋਂ ਅਧਿਆਪਕਾਂ ਦੀ ਮੁਲਾਕਾਤ ਜਨਰਲ ਸਹਾਇਕ (GA) ਨਾਲ ਕਰਵਾਈ ਗਈ, ਜਿਨ੍ਹਾਂ ਨੇ ਜਥੇਬੰਦੀਆਂ ਦੀਆਂ ਦਲੀਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਜਥੇਬੰਦੀਆਂ ਨੇ ਉਕਤ ਬੀ.ਡੀ.ਪੀ.ਓ. ਖ਼ਿਲਾਫ਼ ਜਨਗਣਨਾ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਮੁੱਖ ਜਨਗਣਨਾ ਅਧਿਕਾਰੀ ਪੰਜਾਬ ਦੇ ਨਾਂ ਲਿਖੀ ਇੱਕ ਲਿਖਤੀ ਸ਼ਿਕਾਇਤ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪੀ।
ਇਸ ਉਪਰੰਤ ਅਧਿਆਪਕ ਜਥੇਬੰਦੀਆਂ ਵੱਲੋਂ ਕੀਤੀ ਗਈ ਸਾਂਝੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਅਧਿਆਪਕਾਂ ਦੇ ਮਾਣ-ਸਨਮਾਨ ਦੀ ਬਹਾਲੀ ਅਤੇ ਉਕਤ ਤੁਗਲਕੀ ਫ਼ਰਮਾਨ ਵਾਲੇ ਪੱਤਰ ਨੂੰ ਰੱਦ ਕਰਵਾਉਣ ਲਈ 29 ਮਈ ਨੂੰ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਆਗੂਆਂ ਨੇ ਇਲਾਕੇ ਦੀਆਂ ਸਮੂਹ ਜਨਤਕ, ਜ਼ਮਹੂਰੀ, ਮਜ਼ਦੂਰ, ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਸ਼ਾਮਿਲ ਹੋ ਕੇ ਪ੍ਰਸ਼ਾਸਨਿਕ ਜ਼ਬਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਪ੍ਰਸ਼ਾਸਨ ਦੀਆਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਰੇਕ ਮੋਰਚੇ ‘ਤੇ ਤਿੱਖੀ ਲੜਾਈ ਲੜਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ, ਜਗਦੀਪ ਸਿੰਘ, ਭਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਮਕੌਰ ਸਿੰਘ, ਗੁਰਚਰਨ ਸੇਖ਼ੂਵਾਸ, ਪ੍ਰਗਟ ਸਿੰਘ, ਕੁਲਵੰਤ ਖਨੌਰੀ, ਅਮਿਤ ਕੁਮਾਰ, ਗਗਨਦੀਪ ਧੂਰੀ, ਯਾਦਵਿੰਦਰ ਧੂਰੀ, ਮਨਜੀਤ ਸਿੰਘ ਅਤੇ ਰਮਨ ਗੋਇਲ ਸਮੇਤ ਭਾਰੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।






