USA ਲਈ ਏਅਰ ਇੰਡੀਆ ਦੀਆਂ ਉਡਾਣਾਂ ਫਿਰ ਤੋਂ ਸ਼ੁਰੂ!

283

ਨਵੀਂ ਦਿੱਲੀ, ਪੀਟੀਆਈ : 

ਏਅਰ ਇੰਡੀਆ ਨੇ ਕਿਹਾ ਹੈ ਕਿ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਸੰਚਾਲਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੇ ਬੀ-777 ਜਹਾਜ਼ਾਂ ਦੇ ਜ਼ਰੀਏ ਭਾਰਤ ਅਤੇ ਅਮਰੀਕਾ ਵਿਚਕਾਰ 6 ਉਡਾਣਾਂ ਨੂੰ ਵੀਰਵਾਰ ਤੋਂ ਬਹਾਲ ਕਰ ਦਿੱਤਾ ਹੈ ਅਤੇ ਸ਼ੁੱਕਰਵਾਰ ਤੋਂ ਸਾਰੀਆਂ ਉਡਾਣਾਂ ਬਹਾਲ ਹੋ ਜਾਣਗੀਆਂ। ਉੱਤਰੀ ਅਮਰੀਕਾ ’ਚ 5ਜੀ ਇੰਟਰਨੈੱਟ ਸੇਵਾਵਾਂ ਸ਼ੁਰੂ ਹੋਣ ਕਾਰਨ ਏਅਰ ਇੰਡੀਆ ਨੇ ਬੁੱਧਵਾਰ ਨੂੰ ਭਾਰਤ-ਅਮਰੀਕਾ ਵਿਚਕਾਰ 8 ਉਡਾਣਾਂ ਨੂੰ ਰੱਦ ਕਰ ਦਿੱਤਾ ਸੀ, ਕਿਉਂਕਿ 5ਜੀ ਇੰਟਰਨੈੱਟ ਦੇ ਰੇਡੀਓ ਅਲਟੀਮੀਟਰ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਅਮਰੀਕੀ ਜਹਾਜ਼ਰਾਨੀ ਰੈਗੂਲੇਟਰੀ ਸੰਘੀ ਜਹਾਜ਼ਰਾਨੀ ਪ੍ਰਸ਼ਾਸਨ (ਐੱਫਏਏ) ਨੇ ਵੀਰਵਾਰ ਦੇ ਨਵੇਂ ਨਿਰਦੇਸ਼ ’ਚ ਕਿਹਾ ਹੈ ਕਿ ਬੀ-777 ਸਮੇਤ ਕੁਝ ਖਾਸ ਤਰ੍ਹਾਂ ਦੇ ਜਹਾਜ਼ਾਂ ’ਚ ਲੱਗੇ ਰੇਡੀਓ ਅਲਟੀਮੀਟਰ 5ਜੀ ਸੇਵਾਵਾਂ ਨਾਲ ਪ੍ਰਭਾਵਿਤ ਨਹੀਂ ਹੋਣਗੇ। ਇਸ ਤੋਂ ਬਾਅਦ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਤੋਂ ਦਿੱਲੀ-ਨਿਊਯਾਰਕ, ਦਿੱਲੀ-ਸ਼ਿਕਾਗੋ ਅਤੇ ਦਿੱਲੀ-ਸੈਨ ਫਰਾਂਸਿਸਕੋ ਦੀਆਂ ਉਡਾਣਾਂ ਬਹਾਲ ਹੋ ਗਈਆਂ ਹਨ। ਫਸੇ ਹੋਏ ਯਾਤਰੀਆਂ ਨੂੰ ਲਿਆਉਣ-ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਛੇ ਉਡਾਣਾਂ ਨਾਲ ਬੁੱਧਵਾਰ ਨੂੰ ਮੁੰਬਈ-ਨੇਵਾਰਕ ਅਤੇ ਨੇਵਾਰਕ-ਮੁੰਬਈ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਰੇਡੀਓ ਅਲਟੀਮੀਟਰ ਜਹਾਜ਼ ਦੀ ਜ਼ਮੀਨ ਤੋਂ ਉੱਚਾਈ ਨੂੰ ਮਾਪਦਾ ਹੈ। ਇਸ ਨਾਲ ਜਹਾਜ਼ ਘੱਟ ਵੇਖਣਦੂਰੀ ’ਚ ਉੱਤਰ ਸਕਦਾ ਹੈ। ਜਿਸ ਫ੍ਰੀਕੈਂਵੈਸੀ ਬੈਂਡ ’ਤੇ ਅਲਟੀਮੀਟਰ ਕੰਮ ਕਰਦਾ ਹੈ, ਉਹ 5ਜੀ ਦੀ ਕਾਰਜਪ੍ਰਣਾਲੀ ਦੇ ਕਰੀਬ ਹੈ।

ਜ਼ਿਕਰਯੋਗ ਹੈ ਕਿ ਵਰਤਮਾਨ ’ਚ ਭਾਰਤ ਅਤੇ ਅਮਰੀਕਾ ਵਿਚਕਾਰ ਅਮਰੀਕਨ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼ ਅਤੇ ਏਅਰ ਇੱਡੀਆ ਹੀ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੇ ਹਨ। ਅਮਰੀਕਨ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼ ਨੇ ਅਜੇ ਤਕ ਨਹੀਂ ਦੱਸਿਆ ਕਿ 5ਜੀ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਦੀਆਂ ਉਡਾਣਾਂ ’ਤੇ ਕਿੰਨਾ ਪ੍ਰਭਾਵ ਪਿਆ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ’ਚ ਸੰਨ 2021 ’ਚ ਮਿਡ ਰੇਂਜ 5 ਬੈਂਡ ਦੀ ਨਿਲਾਮੀ ਮੋਬਾਈਲ ਫੋਨ ਕੰਪਨੀਆਂ ਨੂੰ ਦਿੱਤੀ ਗਈ ਸੀ। ਇਹ ਬੈਂਡ 3.7 ਤੋਂ 3.98 ਗੀਗਾਹਾਰਟਜ਼ ਰੇਂਜ ’ਚ ਆਉਂਦੀ ਹੈ। ਇਸ ਨੂੰ ਸੀ ਬੈਂਡ ਗਿਆ ਜਾਂਦਾ ਹੈ। ਸੰਘੀ ਜਹਾਜ਼ਰਾਨੀ ਪ੍ਰਸਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਨਵੀਂ 5ਜੀ ਤਕਨਾਲੋਜੀ ਅਲਟੀਮੀਟਰ ਵਰਗੇ ਏਵੀਏਸ਼ਨ ਉਪਕਰਨਾਂ ਦੇ ਕੰਮ ’ਚ ਰੁਕਾਵਟ ਪੈਦਾ ਕਰ ਸਕਦੀ ਹੈ। ਅਲਟੀਮੀਟਰ ਨਾਲ ਇਹ ਪਤਾ ਲੱਗਦਾ ਹੈ ਕਿ ਉਡਾਣ ਦੇ ਕਿਸੇ ਸਮੇਂ ਜਹਾਜ਼ ਜ਼ਮੀਨ ਤੋਂ ਕਿੰਨੀ ਉੱਚਾਈ ’ਤੇ ਹੈ।