ਮੈਂ ਹਿੰਦੂ ਹਾਂ, ਆਮ ਪੰਜਾਬੀ ਹਿੰਦੂ /- ਅਮਨ ਅਰੋੜਾ

295

 

ਅਮਨ ਅਰੋੜਾ ਸੋਸ਼ਲ ਮੀਡੀਆ ‘ਤੇ ਅਕਸਰ ਹੀ ਸਮਾਜ ‘ਚ ਜਾਗਰੂਕਤਾ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਅਮਨ ਅਰੋੜਾ ਹੁਰਾਂ ਦੀ  ਫੇਸਬੁੱਕ ਤੋਂ ਲਈ ਗਈ ਪੋਸਟ ਹੇਠਾਂ ਪੜ੍ਹੋ…

ਅਮਨ ਅਰੋੜਾ ਲਿਖਦੇ ਹਨ…. ਮੈਂ ਹਿੰਦੂ ਹਾਂ, ਆਮ ਪੰਜਾਬੀ ਹਿੰਦੂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਧੰਨਵਾਦ ਕਰਕੇ ਰੋਜ਼ ਸਵੇਰੇ ਮੰਦਰ ਜਾਣ ਵਾਲਾ ਹਿੰਦੂ। ਰੋਜ਼ਾਨਾ ਸੱਤ ਤਿਲਕ ਧਾਰਨ ਕਰਕੇ ਦੁਨੀਆਵੀ ਕੰਮ-ਕਾਰਾਂ ਨੂੰ ਹੱਥ ਲਾਉਣ ਵਾਲਾ ਹਿੰਦੂ, ਤੇ ਮੈਂ ਕਿਸੇ ਵੀ ਟਟਪੂੰਜੀਏ ਨੂੰ ਆਪਣਾ ਲੀਡਰ ਨਹੀ ਮੰਨਦਾ।

ਅਜਿਹਾ ਸੋਚਣ ਵਾਲਾ ਮੈਂ ਇਕੱਲਾ ਨਹੀ। ਪੰਜਾਬ ‘ਚ ਵੱਸਣ ਵਾਲੇ ਲਗਭਗ ਸਵਾ ਕਰੋੜ ਪੰਜਾਬੀ ਹਿੰਦੂਆਂ ਨੂੰ ਪੁੱਛ ਲਓ, 99.99 ਪ੍ਰਤੀਸ਼ਤ ਦੀ ਸੋਚ ਇਹੀ ਹੋਵੇਗੀ। ਸੋ ਸਾਰੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ, ਪੱਤਰਕਾਰਾਂ ਨੂੰ ਤੇ ਖ਼ਾਸ ਤੌਰ ‘ਤੇ ਕੁੱਝ ਕੁ ਯੂਟਿਊਬ-ਫੇਸਬੁੱਕ ਚੈਨਲਾਂ ਰਾਹੀਂ ਆਪੇ ਬਣੇ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਸਨਸਨੀਖੇਜ਼ ਖ਼ਬਰਾਂ ਚਲਾ ਕੇ ‘ਹਿੰਦੂ ਲੀਡਰ’ ਕਹਿਕੇ ਸੰਬੋਧਿਤ ਨਾ ਕਰੋ।

ਜੇਕਰ ਕੁਝ ਦਰਜਨ ਬੇਰੁਜ਼ਗਾਰ ਨੌਜਵਾਨ ਤੇ ਗ਼ੈਰ-ਪੰਜਾਬੀ ਹਿੰਦੂ ਇਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ ਤਾਂ ਇਨ੍ਹਾਂ ਨੂੰ ਸਾਰੇ ਪੰਜਾਬੀ ਹਿੰਦੂ ਸਮਾਜ ਦਾ ਲੀਡਰ ਨਾ ਘੋਸ਼ਿਤ ਕਰੋ। ਸਾਰੇ ਪੰਜਾਬੀ ਹਿੰਦੂਆਂ ਨੂੰ ਇੱਕੋ ਰੱਸੇ ਨਾਲ ਨਾ ਬੰਨੋ।

ਇਹੀ ਬੇਨਤੀ ਮੇਰੀ ਸਿੱਖ ਭਾਈਚਾਰੇ ਨੂੰ ਵੀ ਹੈ, ਭਰਾਵੋ ਇਹ ਸਾਡੇ ਲੀਡਰ ਨਹੀੰ। ਇਨ੍ਹਾਂ ਦੀ ਬਦਤਮੀਜ਼ੀਆਂ ਦਾ ਸਿਲਾ ਤੁਸੀਂ ਇਨ੍ਹਾਂ ਦਾ ਸਿਰ ਝਾੜ ਪਾ ਕੇ ਦਿਓ, ਨਾ ਕਿ ਦੇਵੀ-ਦੇਵਤਿਆਂ ਪ੍ਰਤੀ ਅਪਸ਼ਬਦ ਕਹਿਕੇ। ਜਦੋਂ ਤੁਸੀਂ ਇਨ੍ਹਾਂ ਦੇ ਭੜਕਾਏ ਤੋਂ ਭੜਕ ਜਾਂਦੇ ਹੋ ਤਾਂ ਅਸਲ ‘ਚ ਤੁਸੀਂ ਇਨ੍ਹਾਂ ਦਾ ਮਨੋਰਥ ਸਿੱਧ ਕਰਨ ਵਿੱਚ ਸਹਾਈ ਹੋ ਜਾਂਦੇ ਹੋ।

ਇਨ੍ਹਾਂ ਦਾ ਮਕਸਦ ਕੇਵਲ ਤੇ ਕੇਵਲ ਮਾਹੌਲ ਖ਼ਰਾਬ ਕਰਨਾ, ਆਪੇ ਖ਼ਰਾਬ ਕੀਤੇ ਮਾਹੌਲ ‘ਚ ਖ਼ੁਦ ਨੂੰ ਖ਼ਤਰੇ ‘ਚ ਦੱਸਣਾ, ਤੇ ਉਸ ਆਪੇ ਖੜੇ ਕੀਤੇ ਖ਼ਤਰੇ ਦੇ ਸਿਰ ਤੇ ਗੰਨਮੈਨ ਲੈਣਾ, ਤੇ ਫਿਰ ਉਨ੍ਹਾਂ ਗੰਨਮੈਨ ਰੂਪੀ ਦਰਸ਼ਨੀ ਘੋੜਿਆਂ ਦੇ ਸਿਰ ਤੇ ਆਮ ਪੰਜਾਬੀ ਹਿੰਦੂਆਂ ਤੋਂ ਵਸੂਲੀ ਕਰਨਾ, ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਹੋਰ ਤਮਾਮ ਪ੍ਰਕਾਰ ਦੇ ਦੋ ਨੰਬਰ ਦੇ ਕੰਮ ਕਰਨਾ ਹੈ।

ਅਮਨ ਅਰੋੜਾ ਹੁਰਾਂ ਦੀ ਪੰਜਾਬੀਆਂ ਨੂੰ ਅਪੀਲ:- ਪੰਜਾਬ ਦੀ ਜ਼ਰਖੇਜ਼ ਮਿੱਟੀ ‘ਚ ਨਫ਼ਰਤ ਦੀ ਗਾਜਰਬੂਟੀ ਦੇ ਬੀਜਾਂ ਨੂੰ ਫੈਲਣ ਅਤੇ ਪਨਪਣ ਤੋਂ ਰੋਕਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ।

ਅਮਨ ਅਰੋੜਾ ਹੁਰਾਂ ਦੀ ਫੇਸਬੁੱਕ ਪੋਸਟ ਵੀ ਪੜ੍ਹੋ