ਪੰਜਾਬ ਦੇ ਜ਼ਿਆਦਾਤਰ ਕਿਸ਼ੋਰਾਂ ਵਿੱਚ ਗੁੱਸੇ ਦਾ ਪੱਧਰ ਔਸਤ ਨਾਲ਼ੋਂ ਉੱਚਾ; ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਅਧਿਐਨ
ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 1200 ਵਿਦਿਆਰਥੀਆਂ ‘ਤੇ ਅਧਾਰਿਤ ਹੈ ਅਧਿਐਨ
ਸਮਾਜਿਕ ਪ੍ਰਸੰਗਿਕਤਾ ਵਾਲ਼ੀਆਂ ਖੋਜਾਂ ਨੂੰ ਹਮੇਸ਼ਾ ਹੀ ਉਤਸ਼ਾਹਿਤ ਕਰਦੀ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ
ਪਟਿਆਲਾ, 22 ਫਰਵਰੀ 2026
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਵਿਚਲੇ ਕਿਸ਼ੋਰ ਉਮਰ ਲੜਕੇ-ਲੜਕੀਆਂ ਵਿੱਚ ਵਧ ਰਹੀ ਗ਼ੁੱਸੇਖੋਰੀ ਵਾਲ਼ੀ ਪ੍ਰਵਿਰਤੀ (ਅਗਰੈਸ਼ਨ) ਅਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਖੋਜਾਰਥੀ ਡਾ. ਤਾਜਪ੍ਰੀਤ ਕੌਰ ਵੱਲੋਂ ਇਹ ਖੋਜ-ਕਾਰਜ ਨਿਗਰਾਨ ਡਾ. ਕਵਿਤਾ ਮਿੱਤਲ (ਪ੍ਰਿੰਸੀਪਲ, ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ, ਬਰੜਵਾਲ-ਧੂਰੀ) ਦੀ ਅਗਵਾਈ ਵਿੱਚ ਸੰਪੰਨ ਕੀਤਾ ਗਿਆ ਹੈ।
ਡਾ. ਕਵਿਤਾ ਮਿੱਤਲ ਨੇ ਦੱਸਿਆ ਕਿ ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਜ਼ਿਆਦਾਤਰ ਕਿਸ਼ੋਰਾਂ ਵਿੱਚ ਗ਼ੁੱਸੇਖੋਰੀ ਵਾਲ਼ੀ ਪ੍ਰਵਿਰਤੀ ਦਾ ਪੱਧਰ ਔਸਤ ਨਾਲ਼ੋਂ ਉੱਚਾ ਵੇਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਕਿ ਲੜਕੀਆਂ ਦੇ ਮੁਕਾਬਲੇ ਲੜਕਿਆਂ ਵਿੱਚ ਅਤੇ ਸਾਇੰਸ ਵਿਸ਼ੇ ਦੇ ਮੁਕਾਬਲੇ ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਵਿੱਚ ਗੁੱਸਾ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਪਰਿਵਾਰਾਂ ਨਾਲ਼ੋਂ ਇਕਹਿਰੇ ਜਾਂ ਛੋਟੇ ਪਰਿਵਾਰਾਂ ਨਾਲ਼ ਸਬੰਧਤ ਬੱਚੇ ਵਧੇਰੇ ਗੁੱਸੇਖੋਰ ਵੇਖੇ ਗਏ।
ਉਨ੍ਹਾਂ ਕਿਹਾ ਕਿ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚਿਆਂ ਵਿੱਚ ਭਾਵਨਾਤਮਕ ਬੁੱਧੀ (ਇਮੋਸ਼ਨਲ ਇੰਟੈਲੀਜੈਂਸ) ਦਾ ਪੱਧਰ ਵੀ ਔਸਤ ਨਾਲ਼ੋਂ ਘੱਟ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰੀ/ਪ੍ਰਾਈਵੇਟ ਸਕੂਲ ਜਾਂ ਸ਼ਹਿਰੀ/ਪੇਂਡੂ ਪਿਛੋਕੜ ਦਾ ਵਿਦਿਆਰਥੀਆਂ ਦੇ ਗੁੱਸੇ ‘ਤੇ ਕੋਈ ਖਾਸ ਫ਼ਰਕ ਵੇਖਣ ਨੂੰ ਨਹੀਂ ਮਿਲਿਆ।
ਖੋਜਾਰਥੀ ਡਾ. ਤਾਜਪ੍ਰੀਤ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ ਪੰਜਾਬ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 1200 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ 580 ਲੜਕੇ ਅਤੇ 620 ਲੜਕੀਆਂ ਸ਼ਾਮਿਲ ਸਨ।
ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਸਬੰਧਤ ਵਿਦਿਆਰਥੀਆਂ ਦੀ ਸ਼ਖ਼ਸੀਅਤ, ਭਾਵਨਾਤਮਕ ਬੁੱਧੀ ਅਤੇ ਸਕੂਲ ਦੇ ਵਾਤਾਵਰਨ ਦੇ ਉਨ੍ਹਾਂ ਦੇ ਵਿਵਹਾਰ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਾਰੀਕੀ ਨਾਲ਼ ਘੋਖਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ ਗ਼ੁੱਸੇਖੋਰੀ ਦੀ ਪ੍ਰਵਿਰਤੀ ਅਤੇ ਸ਼ਖ਼ਸੀਅਤ ਨੂੰ ਮਾਪਣ ਦੇ ਵਿਸ਼ੇਸ਼ ਮਿਆਰ ‘ਅਗਰੈਸ਼ਨ ਸਕੇਲ’ ਅਤੇ ਪ੍ਰਸਨੈਲਿਟੀ ਸਕੇਲ’ ਵੀ ਤਿਆਰ ਕੀਤੇ ਗਏ ਹਨ, ਜੋ ਭਵਿੱਖ ਵਿੱਚ ਹੋਰਨਾਂ ਖੋਜਾਰਥੀਆਂ ਲਈ ਮਦਦਗਾਰ ਹੋਣਗੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੇ ਵਿਵਹਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
ਇਸ ਲਈ ਅਜਿਹੇ ਖੋਜ ਕਾਰਜਾਂ ਦਾ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਮਾਜਿਕ ਪ੍ਰਸੰਗਿਕਤਾ ਵਾਲ਼ੀਆਂ ਖੋਜਾਂ ਨੂੰ ਹਮੇਸ਼ਾ ਹੀ ਉਤਸ਼ਾਹਿਤ ਕਰਦੀ ਹੈ।






