ਵਾਟਰ ਸਪਲਾਈ ਸਕੀਮਾਂ ’ਤੇ ਸਕਾਡਾ ਸਿਸਟਮ ਲਗਾਉਣ ’ਤੇ ਮੁਲਾਜ਼ਮਾਂ ਵਲੋਂ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ

121

 

ਪਰਮਜੀਤ ਢਾਬਾਂ, ਜਲਾਲਾਬਾਦ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੀ ਬ੍ਰਾਂਚ ਜਲਾਲਾਬਾਦ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਰਾਕੇਸ਼ ਸਿੰਘ ਹੀਰੇਵਾਲਾ ਦੀ ਅਗੁਵਾਈ ਹੇਠ ਸਥਾਨਕ ਸੁਤੰਤਰ ਭਵਨ ਵਿਖੇ ਹੋਈ। ਜਿਸ ਵਿਚ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਜਿਲਾ ਪ੍ਰਧਾਨ ਗੁਰਮੀਤ ਸਿੰਘ ਆਲਮਕੇ, ਜਿਲਾ ਜਨਰਲ ਸਕੱਤਰ ਬਲਵਿੰਦਰ ਨੂਰ ਸਮੰਦ, ਦਫਤਰੀ ਸਟਾਫ ਦੇ ਸੂਬਾ ਆਗੂ ਸੁਖਚੈਨ ਸੋਢੀ, ਬ੍ਰਾਂਚ ਜਨਰਲ ਸਕੱਤਰ ਕੁੰਦਨ ਸਿੰਘ, ਜਿਲਾ ਖਜਾਨਚੀ ਸਤਪਾਲ ਸਿੰਘ, ਬ੍ਰਾਂਚ ਖਜਾਨਚੀ ਨਾਨਕ ਸਿੰਘ ਆਦਿ ਨੇ ਸ਼ਿਰਕਤ ਕੀਤੀ।

ਮੀਟਿੰਗ ’ਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਵੱਲੋਂ ਨਹਿਰੀ ਪਾਣੀ ਸਪਲਾਈ ਦੇਣ ਦੇ ਬਹਾਨੇ ਨਾਲ ਲੋਕਾਂ ਦੀ ਅੰਨੀ ਲੁੱਟ ਕਰਵਾਉਣ ਲਈ ਪੇਂਡੂ ਜਲ ਘਰਾਂ ਨੂੰ ਨਿੱਜੀ ਹੱਥਾਂ ਵਿਚ ਸੌਪਣ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਹਿੰਗੇ ਮੁੱਲ ਵਿਚ ਮਿਲੇਗਾ ਉਥੇ ਹੀ ਪਿਛਲੇ 15-20 ਸਾਲਾਂ ਤੋਂ ਸੇਵਾਵਾਂ ਦੇ ਰਹੇ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮਾਂ ਪਾਸੋ ਕੱਚੇ-ਪਿੱਲੇ ਰੁਜਗਾਰ ਨੂੰ ਖੋਹਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅੱਜ ਦੀ ਮੀਟਿੰਗ ’ਚ ਵਿਚਾਰ ਚਰਚਾ ਕਰਨ ਉਪਰੰਤ ਐਲਾਨ ਕੀਤਾ ਗਿਆ ਕਿ ਵਾਟਰ ਸਪਲਾਈ ਸਕੀਮਾਂ ਦਾ ਪੰਚਾਇਤੀਕਰਣ/ਨਿੱਜੀਕਰਨ ਕਰਨ ਅਤੇ ਸਕੀਮਾਂ ਤੇ ਸਕਾਡਾ ਸਿਸਟਮ ਲਗਾਉਣ ਦੀਆਂ ਵਰਕਰ ਵਿਰੋਧੀ ਨੀਤੀਆਂ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਣਗੇ, ਜਿਸ ਪਿੰਡ ’ਚ ਵੀ ਜਲ ਸਪਲਾਈ ਸਕੀਮਾਂ ’ਤੇ ਸਕਾਡਾ ਸਿਸਟਮ ਲਗਾਉਣ ਵਾਲੀ ਟੀਮ ਆਏਗੀ, ਉਥੇ ਯੂਨੀਅਨ ਵੱਲੋਂ ਕਾਲੇ ਝੰਡਿਆ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਉਨਾਂ ਸਾਲਾਂਬੱਧੀ ਅਰਸ਼ੇ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਇਕ ਵਰਕਰ ਦੇ ਰੂਪ ’ਚ ਕੰਮ ਕਰਦੇ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮਾਂ ਨੂੰ ਨਿਗੂਣੇ ਮੇਹਨਤਾਨੇ ਦੇ ਇਲਾਵਾ ਈ.ਪੀ.ਐਫ., ਈ.ਐਸ.ਆਈ.ਈ. ਵਰਗੀਆਂ ਤਮਾਮ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਜਦਕਿ ਇਨਾਂ ਠੇਕਾ ਮੁਲਾਜਮਾਂ ਪਾਸੋ ਰੈਗੂਲਰ ਮੁਲਾਜਮਾਂ ਦੀ ਤਰਾਂ ਹੀ ਕੰਮ ਲਿਆ ਜਾਂਦਾ ਹੈ। ਇਸ ਲਈ ਸਾਡੀ ਮੰਗ ਹੈ ਕਿ ਇਨਲਿਸਟਮੈਂਟ/ਆਊਟਸੋਰਸ ਠੇਕਾ ਮੁਲਾਜਮਾਂ ਨੂੰ ਤਜਰਬੇ ਦੇ ਅਧਾਰ ਤੇ ਵਿਭਾਗ ’ਚ ਸ਼ਾਮਲ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ। ਨਹੀਂ ਤਾਂ ਸੂਬਾ ਕਮੇਟੀ ਵੱਲੋਂ ਸੰਘਰਸ਼ ਪ੍ਰੋਗਰਾਮ ਜਾਰੀ ਰੱਖੇ ਜਾਣਗੇ।

ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 3 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ’ਤੇ ਹੋਣ ਵਾਲੀ ਸੂਬਾ ਪੱਧਰੀ ਰੈਲੀ ’ਚ ਜਲਾਲਾਬਾਦ ਤੋਂ ਵਰਕਰ ਆਪਣੇ ਪਰਿਵਾਰਾਂ ਸਮੇਤ ਹਿੱਸਾ ਲੈਣਗੇ।