ਭਗਵੰਤ ਮਾਨ ਸਰਕਾਰ ਦਾ ਮਜ਼ਦੂਰ ਵਿਰੋਧੀ ਫ਼ੈਸਲਾ! ਦਿਹਾੜੀ ਦੇ ਘੰਟੇ ਵਧਾਏ- ਪਰ ਮਿਹਨਤਾਨਾ ਨਹੀਂ

324

 

  • ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਦਲਜੀਤ ਕੌਰ, ਸੁਨਾਮ ਊਧਮ ਸਿੰਘ ਵਾਲਾ

ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਮਿਹਨਤ ਲੋਕਾਈ ਵਿਰੋਧੀ ਫੈਸਲੇ ਖਿਲਾਫ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਨੇ ਪਿੰਡ ਨਮੋਲ ਵਿਖੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਅੱਠ ਘੰਟੇ ਦੀ ਦਿਹਾੜੀ ਅਤੇ ਹੋਰ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਸ਼ਿਕਾਗੋ (ਅਮਰੀਕਾ) ਦੀ ਧਰਤੀ ‘ਤੇ ਲਾਮਿਸਾਲ ਘੋਲ ਲੜਿਆ ਗਿਆ ਸੀ, ਮਿਹਨਤਕਸ਼ ਲੋਕਾਈ ‘ਤੇ ਦਹਿਸ਼ਤ ਪਾਉਣ ਲਈ ਅਗਵਾਈ ਕਰਨ ਵਾਲੇ ਮਜ਼ਦੂਰ ਆਗੂਆਂ ਨੂੰ ਸਮੇਂ ਦੀ ਹਕੂਮਤ ਨੇ ਫਾਂਸੀ ਦੇ ਦਿੱਤੀ ਸੀ।

ਪਰ ਸ਼ਹਾਦਤਾਂ ਨੇ ਜਨਤਾ ਅੰਦਰ ਰੋਸ ਨੂੰ ਜਰਬਾ ਦਿੱਤੀਆਂ ਜਿਸ ਦੇ ਚੱਲਦਿਆਂ ਇਸ ਘੋਲ ਨੇ ਦੁਨੀਆਂ ਭਰ ਵਿੱਚ ਸਾਮਰਾਜੀਆਂ ਦੇ ਮਨਸੂਬਿਆਂ ਨੂੰ ਫੇਲ ਕਰ ਦਿੱਤਾ, ਅੱਠ ਘੰਟੇ ਦੀ ਦਿਹਾੜੀ ਅਤੇ ਹੋਰ ਜੋ ਵੀ ਮੰਗਾਂ ਸਨ, ਮਨਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਇਸ ਲਾਮਿਸਾਲ ਘੋਲ ਸਦਕਾ ਪੂਰੀ ਦੁਨੀਆਂ ਵਿੱਚ ਇੱਕ ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।

ਲੰਬੇ ਸਮੇਂ ਤੋਂ ਭਾਰਤੀ ਉੱਪ-ਮਹਾਦੀਪ ਵਿੱਚ ਹਿੰਦੂਤਵੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕਿਰਤ ਕਾਨੂੰਨ ‘ਚ ਸੋਧਾਂ ਕਰਕੇ (ਮਜ਼ਦੂਰਾਂ ਦੇ ਹੱਕਾਂ ‘ਤੇ ਸਮੇਤ ਦਿਹਾੜੀ 12 ਘੰਟੇ ਕਰਨ) ਡਾਕਾ ਮਾਰਨ ਦੀਆਂ ਚਿਰਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖੋ-ਵੱਖ ਸੂਬਿਆਂ ਨੂੰ ਇਸ ਨੂੰ ਲਾਗੂ ਕਰਨ ਲਈ ਜ਼ੋਰ ਵੀ ਪਾਇਆ ਜਾ ਰਿਹਾ ਸੀ।

ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦੀ ਪਾਰਟੀ ਕਿਹਾ ਸੀ ਅਤੇ ਵੋਟਾਂ ਲੈਣ ਮੌਕੇ ਅਨੇਕਾਂ ਵਾਅਦੇ ਉਹ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰਕੇ ਕੀਤੇ ਸੀ ਕਿ ਕਿਸੇ ਵੀ ਤਬਕੇ ਨੂੰ ਧਰਨੇ /ਰੈਲੀਆਂ/ਚੱਕੇ ਜਾਮ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸਾਡੀ ਸਰਕਾਰ ਸਾਰਿਆਂ ਦੀ ਮੰਗਾਂ ਪੂਰੀਆਂ ਕਰ ਦੇਵੇਗੀ, ਪਰ ਇਸ ਭਗਵੰਤ ਮਾਨ ਸਰਕਾਰ ਨੇ ਗੱਦੀ ਤੇ ਬਿਰਾਜਮਾਨ ਹੁੰਦਿਆਂ ਸਾਰ ਹੀ ਕੀਤੇ ਵਾਅਦਿਆਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਅਰੇ ਅਤੇ ਲੋਕਾਂ ਨਾਲ ਦਗਾ ਕਮਾਇਆ।

ਇਸ ਨੇ ਮੋਦੀ ਹਕੂਮਤ ਦੇ ਅਜੰਡੇ ਨੂੰ ਲਾਗੂ ਕਰਕੇ ਆਰ.ਐੱਸ.ਐੱਸ ਦੀ ਬੀ ਟੀਮ ਹੋਣ ਦਾ ਕੋਈ ਭੁਲੇਖਾ ਬਾਕੀ ਨਹੀਂ ਰਹਿਣ ਦਿੱਤਾ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਮਜ਼ਦੂਰਾਂ ਨੇ ਚਾਹੇ ਉਹ ਅੱਠ ਘੰਟੇ ਦੀ ਦਿਹਾੜੀ ਦਾ ਮਾਮਲਾ ਹੋਵੇ, ਚਾਹੇ ਉਹ ਰੂਸ ‘ਚ ਮਜ਼ਦੂਰਾਂ ਦੇ ਰਾਜ ਦਾ ਮਾਮਲਾ ਹੋਵੇ ਕਿ ਕਿਵੇਂ ਮਜ਼ਦੂਰਾਂ ਨੇ ਕਹਿੰਦੇ-ਕਹਾਉਂਦੇ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਪਾਲਣ ਵਾਲੇ ਜਰਮਨ ਦੇ ਫਾਸ਼ੀਵਾਦੀ ਹਿਟਲਰ ਨੂੰ ਕੇਵਲ ਹਰਾਇਆ ਹੀ ਨਹੀਂ ਸੀ, ਸਗੋਂ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕਰ ਦਿੱਤਾ ਸੀ।

ਆਗੂਆਂ ਨੇ ਅਖੀਰ ਤੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਫੈਸਲੇ ਵਾਪਸ ਨਾ ਲਿਆ ਤਾਂ ਮਿਹਨਤਕਸ਼ ਲੋਕਾਈ ਆਪਣੇ ਲਾਮਿਸਾਲ ਇਤਿਹਾਸਕ ਵਿਰਸੇ ਦੇ ਰਾਹਾਂ ਤੇ ਚੱਲ ਕੇ ਸੰਘਰਸ਼ਾਂ ਦੇ ਪਿੜ ਉਸਾਰੇਗੀ।ਅੱਜ ਦੀ ਰੈਲੀ ਚ ਗੁਰਧਿਆਨ ਕੋਰ, ਗੁਰਮੀਤ ਕੋਰ, ਬਲਵੀਰ ਕੋਰ, ਬਾਬੂ ਸਿੰਘ ਆਦਿ ਸਾਮਿਲ ਸਨ।