ਜਾਨ ਬਚੀ ਲਾਖੋਂ ਪਾਏ? ਖ਼ਤਰਾ ਕੀਹਨੂੰ?

236

 

ਵੋਟਾਂ ਦੇ ਦਿਨ ਨੇ। ਵੋਟਾਂ ਦਾ ਮੇਲਾ। ਮੇਲਾ ਲੁੱਟਣੈ। ਲੁੱਟਣਾ ਕਿਹੜੇ ਦਾਅ? ਗੱਫਿਆਂ ਨਾਲ ਕਿ ਧੱਫਿਆਂ ਨਾਲ? ਅਮਨ ਅਮਾਨ ਨਾਲ ਕਿ ਸਦਮੇ ਸਹਿਮ ਨਾਲ? ਆਜ਼ਾਦੀ ਨਾਲ ਕਿ ਡਰ ਨਾਲ?ਫਿਰਕੂ ਪਾੜਾ ਪਾ ਕੇ ਕਿ ਭਰਾ ਹੱਥੋਂ ਭਰਾ ਮਰਵਾ ਕੇ? ਫੈਸਲਾ ਹਾਕਮਾਂ ਹੱਥ। ਨਿਸ਼ਾਨਾ ਮਿਥਿਆ ਹੋਵੇ, ਬਹਾਨਾ ਕੀ ਔਖਾ?।ਮਾਹਰ ਨੂੰ ਕੀ ਦਿੱਕਤ? ਚੁਟਕੀ ਦਾ ਕੰਮ ਆ। ਗੱਲ,ਪ੍ਰਧਾਨ ‘ਸੇਵਕ’ ਦੇ ਪੰਜਾਬ ਆਉਣ ਦੀ।ਧਾਹ ਕੇ ਆਇਆ। ਪੰਜਾਬ ਜਿੱਤਣ ਆਇਆ। ਪਾਛੂਆਂ ਦੀ ਅੱਡੀ ਨਾ ਲੱਗੇ।ਮਨ ‘ਚ ਲੱਡੂ ਭੁਰੇ, ਪੰਜਾਬ ਦੇ ਬੰਦ ਕਵਾੜ ਖੁੱਲ ਸਕਦੇ ਆ।ਚੋਣਾਂ ‘ਚ ਪੈਰ ਧਰਾ ਦੀ ਆਸ ਜਾਗੀ।ਚਾਰੇ ਚੱਕ ਤੁਰੇ। ਮੁਰੱਬਾ ਵਲਿਆ,ਸਟੇਜ ਸਜਾਈ, ਕੁਰਸੀਆਂ ਵਾਧੂ ਚਿਣੀਆਂ।

ਸਦਾ ਬੀਜਿਆ ਹੀ ਵੱਢਿਆ ਜਾਂਦਾ। ਇਹੀ ਹੋਇਆ। ਨਾ ਸਟੇਜ ਆਲੇ ਪਹੁੰਚੇ, ਨਾ ਪੰਡਾਲ ਆਲੇ।ਕੁਰਸੀਆਂ ਸੱਚੀਓਂ ਵਾਧੂ ਹੋ ਗਈਆਂ। ਸੌ ਘੜਾ ਮੁਧ ਗਿਐ। ਸ਼ੋਅ ਫਲਾਪ। ਲੀਡਰ ਨਿਢਾਲ।ਅੱਗੋਂ ਕੁਰਸੀਆਂ ਦੀ ਲਾਲੀ ਅੱਖਾਂ ਭੰਨੇ। ਮੱਥੇ ਵੱਜੇ। ਦਗ ਦਗ ਕਰਦੀਆਂ ਦੇ ਮੱਥੇ ਕੌਣ ਲੱਗੇ?ਕੀਹਦਾ ਜੀਅ ਕਰਦਾ ਮੱਥਾ ਭੰਨਾਉਣ ਨੂੰ? ਜੁਮਲੇ ਜਿੰਨੇ ਇੰਚੀ ਮਰਜ਼ੀ ਹੋਣ ਭਿੜਦੇ ਨੀਂ ਹੁੰਦੇ। ਥੋਥਾ ਚਨਾ,ਵਾਜੇ ਘਨਾ। ਫੋਨ ਖੜਕਿਆ, ਦਿਲ ਧੜਕਿਆ,ਕੰਨ ਚੱਕੇ। ਪੰਡਾਲ ਦੀ ਭਾਂਅ ਭਾਂਅ ਸੁਣੀ। ਮੂਹਰੇ ਜੀ ਆਇਆਂ ਕਹਿਣ ਵਾਲੇ, ਉਹ ਵੀ ਖਾਲੀ ਸਾਹਬ। ਸਿਰ ਖੁਰਕਿਆ। ਸ਼ੈਤਾਨੀ ਜਗਾਈ।ਗੋਂਦ ਗੁੰਦੀ। ਪ੍ਰੋਗਰਾਮ ਬਦਲਿਆ, ਰੂਟ ਘੁੰਮਾਇਆ। ਨਮੋਸ਼ੀ ਉੱਤੇ ਸੁਰੱਖਿਆ ਦੀ ਛੱਤਰੀ ਤਾਣੀ। ਲਾਹਾ ਲੈਣ ਦਾ ਤੀਰ ਚਲਾਇਆ। ਵਾਪਸੀ ਨੂੰ ਬਖੇੜਾ ਬਣਾਇਆ।ਜਾਨ ਨੂੰ ਖ਼ਤਰਾ ਕਹਿ ਟਿੰਡ ਵਿੱਚ ਕਾਨਾ ਪਾਇਆ।

ਅੱਗੋਂ, ਭਗਤ ਤਿਆਰ ਬਰ ਤਿਆਰ। ਧੁਖ ਉੱਠੇ ਫਿਰਕੂ ਅੱਗ ਦੇ ਫੁੰਕਾਰੇ। ਨਫ਼ਰਤ ਦੀ ਭੜਾਸ।ਧਮਕੀਆਂ ਦੀ ਬੁਛਾੜ।ਸੰਘ ਪਾੜਵੀਂ ਬੂਹ ਦੁਹਾਈ। ਮੰਤਰਾਂ ਦਾ ਜਾਪ।ਹਰ ਭਗਤ ਪੱਬਾਂ ਭਾਰ।ਆਈ. ਟੀ. ਸੈਲ ਲਟਾ ਪੀਂਘ। “ਜਾਨ ਬਚੀ ਲਾਖੋਂ ਪਾਏ।” ਤੋਂ ਬੜਾ ਕੰਮ ਲਿਆ।ਹਮਦਰਦੀ ਜਿੱਤੀ।ਸ਼ਵੀ ਸੁਧਾਰੀ।ਸ਼ਾਨ ਵਧਾਈ। ਰਾਜ ‘ਤੇ ਪਕੜ ਜਮਾਈ। ਫਿਰਕੂ ਨਫ਼ਰਤ ਫੈਲਾਈ। ਗਿਆਨ ਵੰਡਦੇ ਲੇਖਕਾਂ, ਕਵੀਆਂ, ਕਲਾਕਾਰਾਂ ਨੂੰ ਜੇਲ੍ਹੀਂ ਡੱਕਿਆ। ਇਹ ਖ਼ਤਰਾ ਪਹਿਲਾ ਨਹੀਂ। ਪਹਿਲਾਂ ਵੀ ਕਈ ਵਾਰ ਹੋਇਆ।ਵੋਟਾਂ ਦੀ ਰੁੱਤ ਈ ਕਲਹਿਣੀ ਆ। ਖ਼ਤਰਾ ਦਿਖਿਆ ਕਦੇ ਨੀ, ਸੁਣਨ ਵਿੱਚ ਹੀ ਆਉਂਦਾ। ਕਦੇ ਪਾਕ ਤੋਂ। ਕਦੇ ਬੁੱਧੀਜੀਵੀਆਂ ਤੋਂ। ਕਦੇ ਕਸ਼ਮੀਰੀਆਂ ਤੋਂ।ਕਦੇ ਖਾਲਸਤਾਨੀਆਂ ਤੋਂ। ਕਦੇ ਮੁਸਲਮ ਭਾਈਚਾਰੇ ਤੋਂ। ਕਦੇ ਸ਼ਹਿਰੀ ਨਕਸਲੀਆਂ ਤੋਂ।ਤੇ ਹੁਣ ਪੰਜਾਬੀਆਂ ਤੋਂ।ਕਿਸਾਨਾਂ ਤੋਂ।

ਹੁਣ ਵਾਲਾ ਖ਼ਤਰਾ ਕੀਹਤੋਂ, ਦੱਸਿਆ ਨੀਂ ।ਚਾਟੂ ਮੀਡੀਏ ‘ਤੇ ਵੀ ਅਜਿਹਾ ਕੁਛ ਨੀਂ ਦਿਖਾਇਆ। ਹਾਂ ਭਾਜਪਾਈਆਂ ਦਾ ਇੱਕ ਗਰੁੱਪ ਸਾਹਮਣੇ ਆਇਆ। ਕਿਤੇ ਇਸ ਦੇ ਮੋਹਰੀ ਤੋਂ ਤਾਂ ਨੀਂ ਖ਼ਤਰਾ?ਉਹੀ ਨੇੜੇ ਗਿਐ। ਉਹੀ ਉੱਡੂ ਉੱਡੂ ਕਰਦਾ ਦਿਖਿਆ।ਉਹ ਅੱਗ ਉਗਲਦੇ ਭਾਜਪਾਈਆਂ ‘ਚੋਂ ਤੱਤਿਆਂ ਨਾਲ ਵੱਧ ਉੱਠਦਾ ਬਹਿੰਦਾ। ਅਜੈ ਟੈਨੀ ਦਾ ਜੋਟੀਦਾਰ।ਪ੍ਰਿਗਿਆ ਦਾ ਚੇਲਾ।ਪ੍ਰਿਗਿਆ ਗੁੱਡ ਬੁੱਕਸ ਵਿਚ ਹੈਨੀ। ਅੰਦਰਲੇ ਭੇੜ ਦਾ ਭੇੜ ‘ਚ ਪਿਆਂ ਨੂੰ ਹੀ ਪਤਾ ਹੋ ਸਕਦੈ।

ਖ਼ਤਰੇ ਦੀ ਦੁਹਾਈ!ਮਹੀਨ ਜਾਦੂਗਰੀ। ਸ਼ੈਤਾਨੀ ਘਾੜਤ।ਸਿਆਸੀ ਮਨਸੂਬੇ।ਫਲਾਪ ਸ਼ੋਅ ਦੀ ਨਮੋਸ਼ੀ ਢਕਣਾ।ਕਿਸਾਨ ਸੰਘਰਸ਼ ਵੱਲੋਂ ਪਾਟੀ ਸ਼ਵੀ ਸਿਉਣਾ।ਪੰਜਾਬ ਦੇ ਸੰਘਰਸ਼ਸੀਲ ਤੱਤ ਨੂੰ ਹਮਲੇ ਹੇਠ ਲਿਆਉਣਾ। ਵਿਸ਼ੇਸ਼ ਕਰਕੇ ਕਿਸਾਨ ਸੰਘਰਸ਼ ਦਾ ਬਣਿਆ ਅਕਸ਼ ਮੇਸਣਾ।ਬਦਲਾ ਲੈਣਾ।ਖੋਰ ਕੱਢਣਾ।ਸਹਾਨਭੂਤੀ ਸਹਾਰੇ ਪਾਰਟੀ ‘ਚ ਸਰਵ ਸ੍ਰੇਸ਼ਟ ਬਣਨਾ।ਚੋਣਾਂ ਜਿੱਤਣਾ। ਜਿੱਤ ਕੇ, ਫ਼ਿਰਕੂ ਪਾਲਾਬੰਦੀ ਵਧਾਉਣਾ। ਹਿੰਦੂਤਵੀ ਫੋਰਸ ਪੱਕੀ ਕਰਨਾ। ਨਵੇਂ ਪੂਰ ਤਿਆਰ ਕਰਨਾ। ਦੇਸੀ ਵਿਦੇਸ਼ੀ ਲੁਟੇਰਿਆਂ ਦਾ ਗਲਬਾ ਵਧਾਉਣਾ। ਨਿੱਜੀਕਰਨ ਦਾ ਕੁਹਾੜਾ ਵਾਹੁਣਾ। ਕੁੱਲ ਵਸੀਲੇ ਉਹਨਾਂ ਦੀ ਝੋਲੀ ਪਾਉਣਾ।ਲੋਕਾਂ ‘ਤੇ ਨੀਤੀਆਂ ਕਾਨੂੰਨਾਂ ਦੇ ਵਾਰਾਂ ‘ਚ ਤੇਜ਼ੀ ਲਿਆਉਣਾ। ਸੁਰੱਖਿਆ ਸਾਧਨ ਸੰਦ ਹੋਰ ਖਰੀਦਣਾ।ਖਰਚਾ ਵਧਾਉਣਾ। ਸ਼ਾਹੀ ਖਰਚਿਆਂ ‘ਤੇ ਉਂਗਲ ਉਠਾਉਣ ਵਾਲਿਆਂ ਦਾ ਮੂੰਹ ਬੰਦ ਕਰਾਉਣਾ।

ਖ਼ਤਰਾ, ਹਾਕਮਾਂ ਨੂੰ ਨਹੀਂ, ਲੋਕਾਂ ਨੂੰ ਆ। ਹਾਕਮ ਤਾਂ ਸਾਰੇ ਲਾਹਾ ਲੈਣ ਵਿੱਚ ਜੁਟ ਗਏ। ਇੱਕ ਦੂਜੇ ਖਿਲਾਫ਼ ਦੂਸ਼ਣਬਾਜ਼ੀ, ਨਿਰੀ ਖੇਖਣਬਾਜ਼ੀ। ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ‘ਚ ਗੁਲਤਾਨ।ਬਾਹਰ ਸ਼ਰੀਕੇਬਾਜ਼ੀ, ਅੰਦਰ ਸਾਕੇਦਾਰੀ।ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ ਸਾਂਝੀ। ਲੋਕਾਂ ਦੀ ਹਾਕਮਾਂ ਨੂੰ ਕੀ ਪਰਵਾਹ। ਲੋਕ ਢੱਠੇ ਖੂਹ ‘ਚ।ਮੰਗਾਂ ਮਸਲੇ ਮਿੱਟੀ ਘੱਟੇ। ਏਕੇ ਨੂੰ ਖ਼ਤਰਾ। ਵਸੀਲਿਆਂ ਨੂੰ ਖ਼ਤਰਾ।ਲੋਕਾਂ ਦਾ ਭਲਾ, ਖ਼ਤਰੇ ਦੀ ਦੁਹਾਈ ਨੂੰ ਸਮਝਣ। ਏਕਾ ਬਣਾਉਣ। ਆਪਣੀ ਤਾਕਤ ਜੋੜਨ।ਤਾਕਤ ‘ਤੇ ਭਰੋਸਾ ਰੱਖਣ। ਕਿਸਾਨ ਸੰਘਰਸ਼ ਤੋਂ ਸਿੱਖਣ।

ਜਗਮੇਲ ਸਿੰਘ
(94172 24822)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, ਪੰਜਾਬ ਨੈੱਟਵਰਕ ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

LEAVE A REPLY

Please enter your comment!
Please enter your name here