ਚੰਡੀਗੜ੍ਹ
ਜੇਲ੍ਹਾਂ ‘ਚੋਂ ਫੋਨ ਆਉਂਣਗੇ, ਨਸ਼ਾ ਵੀ ਵਿਕੇਗਾ ਗਲੀ-ਗਲੀ ਸਰਕਾਰੈ… ਇਹ ਹਾਲ ਪੰਜਾਬ ਵਿੱਚ ਸਰਕਾਰ ਨੇ ਕਰ ਦਿੱਤੇ ਹਨ। ਦੂਜੇ ਪਾਸੇ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਵਾਈ ਅਜੇ ਵੀ ਵੱਡੀਆਂ-ਛੋਟੀਆ ਮੁੱਛਾਂ ‘ਤੇ ਹੀ ਅੜੀ ਹੋਈ ਹੈ। ਇਹ ਗੱਲ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਲ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਹੀ। ਉਨ੍ਹਾਂ ਦੋਸ਼ ਲਗਾਇਆ ਕਿ, ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਭਗਵੰਤ ਮਾਨ ਹੀ ਜ਼ਿੰਮੇਵਾਰ ਹੈ।
ਉਨ੍ਹਾਂ ਦੋਸ਼ ਲਗਾਇਆ ਕਿ, ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਫ਼ੋਨ-ਸਿਮ ਮਿਲਣਾ, ਫਿਰੌਤੀ ਦੀਆਂ ਕਾਲਾਂ, ਨਸ਼ਾ ਕਰਨ ਦੇ ਨਾਲ-ਨਾਲ ਇੱਕ ਘੰਟੇ ਤੱਕ ਗੈਂਗਸਟਰਾਂ ਦੇ ਲਾਈਵ ਇੰਟਰਵਿਊ ਦੇਣਾ ਸਰਕਾਰ ਅਤੇ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਭਗਵੰਤ ਮਾਨ ਦੀ ਸਰਕਾਰ ਜੇਲ੍ਹਾਂ ਵਿੱਚ ਬੰਦ ਗੁੰਡਿਆਂ ਨੂੰ ਕਾਬੂ ਨਹੀਂ ਕਰ ਸਕਦੀ ਤਾਂ ਜੇਲ੍ਹਾਂ ਦੇ ਬਾਹਰ ਖੁੱਲ੍ਹੇਆਮ ਘੁੰਮ ਰਹੇ ਗੁੰਡਿਆਂ ਖ਼ਿਲਾਫ਼ ਕੀ ਕਾਰਵਾਈ ਕਰੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ, ਜੋ ਕਿ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ, ਫਿਰ ਵੀ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਅਖੀਰ ਵਿੱਚ ਭਾਜਪਾ ਆਗੂ ਅਰਵਿੰਦ ਖੰਨਾ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਅਪਰਾਧੀ ਘੰਟਾ ਘੰਟਾ ਲਾਈਵ ਹੋ ਕੇ ਕਤਲਾਂ ਅਤੇ ਹੋਰਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸੇ ਤਰ੍ਹਾਂ ਤੁਸੀਂ ਵੀ ਇੱਕ ਘੰਟਾ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਅਤੇ ਨਸ਼ਿਆਂ ਬਾਰੇ ਆਪਣੀ ਗੱਲ ਰੱਖਣ ਦੀ ਖੇਚਲ਼ ਕਰੋ।
ਦੂਜੇ ਪਾਸੇ, ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਇੱਕ ਸਾਲ ਬਾਅਦ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ ਵੱਡੀ ਗਿਣਤੀ ਅਪਰਾਧੀਆਂ ਅਤੇ ਗੈਂਗਸਟਰਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਰੱਖੀ ਜਾ ਰਹੀ ਸਖ਼ਤ ਚੌਕਸੀ ਦਰਮਿਆਨ ਜ਼ਿਆਦਾਤਰ ਗੈਂਗਸਟਰ/ਅਪਰਾਧੀ ਸੂਬਾ ਛੱਡ ਕੇ ਚਲੇ ਗਏ ਹਨ।