ਸੰਪਾਦਕੀ: “ਬੱਗੇ” ਦੀ ਪਾਵਰ

774

 

ਲੰਘੇ ਦਿਨ ਭਾਜਪਾਈ ਤਜਿੰਦਰਪਾਲ ਬੱਗੇ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੇ ਵੱਲੋਂ ਦਿੱਲੀ ਤੋਂ ਕੀਤੀ ਗਈ। ਕਹਿੰਦੇ ਨੇ ਕਿ ਪੰਜਾਬ ਦੀ ਪੁਲਿਸ ਨੇ ਦਿੱਲੀ ਪੁਲਿਸ ਦਾ ਸਾਥ ਨਹੀਂ ਮੰਗਿਆ, ਜਿਸ ਕਾਰਨ ਗ੍ਰਿਫ਼ਤਾਰ ਕੀਤਾ ਬੱਗਾ ਵੀ ਪੰਜਾਬ ਪੁਲਿਸ ਨੂੰ, ਵਾਪਸ ਦਿੱਲੀ ਪੁਲੀਸ ਨੂੰ ਦੇਣਾ ਪਿਆ। ਸ਼ੁੱਕਰਵਾਰ ਦਾ ਦਿਨ ਵਾਕਿਆ ਹੀ ਬੱਗੇ ‘ਤੇ ਸ਼ੁਕਰੀਆ ਅਦਾ ਕਰਨ ਵਾਲਾ ਬੀਤਿਆ। ਸਵੇਰੇ ਬੱਗੇ ਦੀ ਗ੍ਰਿਫ਼ਤਾਰੀ ਹੋਈ ਅਤੇ ਦੁਪਹਿਰੋਂ ਬਾਅਦ ਬੱਗਾ ਆਪਣੇ ਘਰੇ ਵੀ ਪਹੁੰਚ ਗਿਆ। ਵੈਸੇ, ਭਾਰਤ ਦੇ ਇਤਿਹਾਸ ਵਿਚ ਸ਼ੁਕਰਵਾਰ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਤਾਂ ਲਿਖਿਆ ਹੀ ਜਾਵੇਗਾ। ਕਿਉਂਕਿ ਸੱਤਾਧਿਰ ਚਾਹੇ ਤਾਂ ਕੀ ਨਹੀਂ ਕਰ ਸਕਦੀ? ਸੁਨਹਿਰੀ ਅੱਖਰਾਂ ਵਿੱਚ ਇਸ ਕਰਕੇ ਕਿਹਾ, ਕਿਉਂਕਿ ਦੇਸ਼ ਦੀ ਸੱਤਾ ਵਿੱਚ ਬਿਰਾਜਮਾਨ ਹੁਕਮਰਾਨ ਕਹਿੰਦੇ ਨੇ ਕਿ ਅਸੀਂ ਲੰਘੇ ਸੱਤ-ਅੱਠ ਸਾਲਾਂ ਵਿਚ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਸਾਰੇ ਚੱਜ ਦੇ ਕੰਮ ਕੀਤੇ ਨੇ, ਦੇਸ਼ ਹਿੱਤ ਕੰਮ ਕੀਤੇ ਨੇ।

ਇਸੇ ਲਈ ਅਸੀਂ ਕਹਿ ਸਕਦੇ ਹਾਂ ਕਿ ਸ਼ੁੱਕਰਵਾਰ ਯਾਨੀਕਿ ਛੇ ਮਈ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅਸੀਂ, ਬੱਗੇ ਦੇ ਮਾਮਲੇ ਵਿੱਚ ਨਹੀਂ ਜਾਂਦੇ ਕਿ ਬੱਗੇ ਨੇ ਕਿਹੜਾ ਟਵੀਟ ਕਰਕੇ ਕੇਜਰੀਵਾਲ ਨੂੰ ਫਸਾਇਆ ਸੀ ਅਤੇ ਕਿਉਂ ਉਸ ਦੇ ਖਿਲਾਫ ਮੋਹਾਲੀ ਦੇ ਅੰਦਰ ਮੁਕੱਦਮਾ ਦਰਜ ਕੀਤਾ ਗਿਆ। ਦਿੱਲੀ ਪੁਲਿਸ ਵੀ ਇਸ ਦਾ ਮੁਕੱਦਮਾ ਦਰਜ ਕਰ ਸਕਦੀ ਸੀ, ਪਰ ਕਹਿੰਦੇ ਨੇ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ, ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ, ਜਿਸ ਦੇ ਕਾਰਨ ਪੁਲਿਸ ਨੇ ਮੁਕੱਦਮਾ ਦਰਜ ਨਹੀਂ ਕੀਤਾ। ਖ਼ੈਰ, ਕੇਜਰੀਵਾਲ ਤੇ ਭਾਜਪਾ ਦੇ ਬੱਗੇ ਦੀ ਗੱਲ ਛੱਡ ਦਿੱਤੀ ਜਾਵੇ।

ਇਸ ਸਾਰੇ ਕੇਸ ਵਿੱਚ ਮੁੱਕਦੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ “ਬੱਗੇ ਦੀ ਪਾਵਰ” ਦੇਸ਼ ਦੀ ਸੱਤਾ ਵਿੱਚ ਇੰਨੀ ਜ਼ਿਆਦਾ ਹੈ, ਉਹਨੂੰ ਸਵੇਰੇ ਕੋਈ ਫੜ ਕੇ ਲੈ ਜਾਵੇ ਤਾਂ ਦੁਪਹਿਰੇ ਉਹਨੂੰ ਛਡਾਉਣ ਵਾਸਤੇ ਲੱਖਾਂ ਲੋਕ ਸੜਕਾਂ ‘ਤੇ ਆ ਜਾਂਦੇ ਨੇ।

ਦੱਸ ਦਈਏ ਕਿ, ਅੱਜ ਜਦੋਂ ਸਾਡੇ ਹੀ ਦੇਸ਼ ਦੇ ਅੰਦਰ ਅਨੇਕਾਂ ਹੀ ਬੁੱਧੀਜੀਵੀ, ਵਿਦਿਆਰਥੀ, ਵਕੀਲ, ਪੱਤਰਕਾਰ, ਲੇਖਕ ਅਤੇ ਸਮਾਜ ਸੇਵੀ ਆਦਿ ਜਦੋਂ ਅੱਜ ਲੋਕ ਹਿਤ ਬੋਲ ਰਹੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਸੱਤਾ ਧਿਰ ਦੇ ਵੱਲੋਂ ਦੇਸ਼ ਤੋੜਨ ਵਾਲੀ ਤਾਕਤ ਕਹਿ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਲੋਕ ਹਿੱਤ ਬੋਲਣ ਵਾਲਿਆਂ ਖ਼ਿਲਾਫ਼ ਯੂਏਪੀਏ ਕਾਨੂੰਨ ਦੀ ਤਾਂ ਇਸ ਤਰ੍ਹਾਂ ਹੁਕਮਰਾਨ ਵਰਤੋਂ ਕਰਦੇ ਨੇ, ਜਿਵੇਂ ਇਹ ਮਾਮੂਲੀ ਜਿਹੀ ਕੋਈ ਧਾਰਾ ਹੋਵੇ।

ਲੋਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਜਦੋਂ ਹੁਕਮਰਾਨ ਵਲੋਂ ਯੂਏਪੀਏ ਅਤੇ ਹੋਰ ਕਾਲੇ ਕਾਨੂੰਨਾਂ ਤਹਿਤ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਸਮਝ ਲਿਆ ਜਾਂਦਾ ਹੈ ਕਿ ਜੇਕਰ ਇਨ੍ਹਾਂ ਸਲਾਖਾਂ ਅਤੇ ਭੈੜੇ ਮੁਕੱਦਮਿਆਂ ਤੋਂ ਬਚਣਾ ਹੈ ਤਾਂ ਹੁਕਮਰਾਨ ਦੇ ਨਾਲ ਅੱਖਾਂ ‘ਤੇ ਪੱਟੀ ਬੰਨ੍ਹ ਕਿ ਹੁਕਮਰਾਨਾਂ ਨਾਲ ਮਿਲ ਜਾਓ। ਤੁਸੀਂ ਚਾਹੇ ਕਿੱਡੇ ਵੀ ਵੱਡੇ ਜੁਰਮ ਵਿੱਚ ਕਿਉਂ ਨਾ ਫਸੇ ਹੋਵੋ, ਕੇਂਦਰੀ ਸੱਤਾਧਿਰ ਦੇ ਨਾਲ ਹੱਥ ਮਿਲਾਉਂਦਿਆਂ ਹੀ ਤੁਸੀਂ ਪਾਕ ਸਾਫ਼ ਹੋ ਜਾਵੋਗੇ। ਹੁਣ ਤੱਕ ਅਨੇਕਾਂ ਹੀ ਅਜਿਹੇ ਲੀਡਰ ਸਾਹਮਣੇ ਆ ਚੁੱਕੇ ਹਨ, ਜਿਹੜੇ ਸੱਤਾ ਵਿਚ ਤਾਂ ਨਹੀਂ ਹੁੰਦੇ, ਪਰ ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਹਨ ਤਾਂ ਉਨ੍ਹਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਬਲਾਤਕਾਰ, ਕਤਲ ਅਤੇ ਦੇਸ਼ ਨੂੰ ਤੋੜਨ ਜਿਹੇ ਅਨੇਕਾਂ ਮੁਕੱਦਮੇ ਦਰਜ ਹੁੰਦੇ ਹਨ, ਗ੍ਰਿਫ਼ਤਾਰੀ ਹੋਣ ਦੀ ਸ਼ੰਕਾਂ ਜਿਹੀ ਰਹਿੰਦੀ ਹੈ, ਪਰ ਜਿਵੇਂ ਹੀ ਉਕਤ ਲੀਡਰ ਵਿਰੋਧੀ ਧਿਰ ਛੱਡ ਕੇ ਸੱਤਾਧਿਰ ਨੂੰ ਜੱਫਾ ਪਾ ਲੈਂਦੇ ਹਨ, ਤਾਂ ਉਨ੍ਹਾਂ ‘ਤੇ ਦਰਜ ਮੁਕੱਦਮੇ ਵੀ ਖੂਹ ਖਾਤੇ ਚਲੇ ਜਾਂਦੇ ਨੇ, ਕਲੀਨ ਚਿੱਟ ਮਿਲ ਜਾਂਦੀ ਹੈ ਅਤੇ ਅਦਾਲਤ ਤੋਂ ਵੀ ਬਰੀ ਹੋ ਜਾਂਦੇ ਹਨ।

ਬੱਗਾ ਤਾਂ ਭਾਜਪਾ ਦਾ ਉਹ ਖਾਸ-ਮ-ਖਾਸ ਹੈ, ਜਿਹੜਾ ਜ਼ਹਿਰ ਉਗਲ ਕੇ, ਦੇਸ਼ ਦੀ ਜਨਤਾ ਨੂੰ ਆਪਸ ਵਿੱਚ ਲੜਾਉਣ ਦਾ ਖੁੱਲਾ ਕਾਰਜ ਕਰ ਰਿਹਾ ਹੈ, ਪਰ ਸੱਤਾ ‘ਤੇ ਬਿਰਾਜਮਾਨ ਹੁਕਮਰਾਨ ਉਹਨੂੰ ਬਚਾ ਹੀ ਲੈਂਦੇ ਹਨ, ਕਿਉਂਕਿ ਹੁਕਮਰਾਨਾਂ ਦੀ ਨਜ਼ਰ ਵਿੱਚ ਉਹ “ਰਾਸ਼ਟਰ” ਹਿੱਤ ਕੰਮ ਕਰ ਰਿਹਾ ਹੈ।

ਦੱਸਣਾ ਬਣਦਾ ਹੈ ਕਿ, ਦੇਸ਼ ਦੇ ਅੰਦਰ ਇੱਕ ਖ਼ਾਸ ਫ਼ਿਰਕੇ ਦੀ ਹਮਾਇਤ ਕਰਨ ਵਾਲਾ “ਬੱਗਾ” ਭਾਵੇਂ ਹੀ 6 ਮਈ ਨੂੰ ਕੁਝ ਘੰਟੇ ਪੁਲਿਸ ਦੀ ਗ੍ਰਿਫ਼ਤ ਵਿੱਚ ਰਿਹਾ, ਪਰ ਉਹਨੇ ਪੂਰੇ ਦੇਸ਼ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ। ਸਾਰੀਆਂ ਸਿਆਸੀ ਪਾਰਟੀਆਂ ਨੇ ਬੱਗੇ ਦੀ ਗ੍ਰਿਫ਼ਤਾਰੀ ‘ਤੇ ਕੁਝ ਨਾ ਕੁਝ ਬੋਲਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ, ਬਾਕੀ ਸਾਰੀਆਂ ਹੀ ਤਕਰੀਬਨ ਸਿਆਸੀ ਧਿਰਾਂ ਨੇ “ਆਪ” ਨੂੰ ਘੇਰਿਆ। “ਆਪ” ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਖੁਸ਼ ਹੈ, ਪਰ ਪੰਜਾਬ ਪੁਲਿਸ ਹੱਥੋਂ ਬੱਗਾ ਆਖਰ ਛੁੱਟ ਹੀ ਗਿਆ ਅਤੇ “ਆਪ” ਨੂੰ ਮਿਲੀ ਝੱਟ ਦੀ ਖੁਸ਼ੀ ਜ਼ੋ ਪੱਟ ਵਿੱਚ ਪਰਾਂ ਜਾ ਡਿੱਗੀ। ਪੰਜਾਬ ਦੀ ਪੁਲਿਸ ਨੂੰ ਤਾਂ ਲੱਗਦੈ ਦਿੱਲੀ ਗਿਆ ਦਾ, ਤੇਲ ਖ਼ਰਚਾ ਵੀ ਨਹੀਂ ਮਿਲਿਆ ਹੋਣਾ, ਪਰ ਉਲਟਾ ਮੁਕੱਦਮਾ ਮਿਲ ਗਿਆ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਗਲ ਵਿਚ ਰੱਸਾ ਪਾ ਕੇ ਕਿਡਨੈਪਿੰਗ ਦਾ ਮਾਮਲਾ ਦਰਜ ਕਰ ਲਿਆ।

ਬੱਗੇ ਨੂੰ ਕਿਡਨੈਪ ਕਰਕੇ “ਕੋਈ” ਲੈ ਗਿਆ, ਇਹ ਦੋਸ਼ ਲਗਾ ਕੇ ਮੁਕੱਦਮਾ ਬੱਗੇ ਦੇ ਪਿਓ ਨੇ ਦਿੱਲੀ ਵਿੱਚ ਦਰਜ ਕਰਵਾਇਆ। ਬੱਗਾ ਕੁਝ ਘੰਟਿਆਂ ਵਿੱਚ ਹੀ ਆਪਣੀ ਪਾਵਰ ਵਿਖਾ ਕੇ ਵਾਪਸ ਘਰ ਪੁਲਿਸ ਅਫ਼ਸਰ ਦੀ ਗੱਡੀ ਵਿੱਚ ਚਲਾ ਗਿਆ ਅਤੇ ਸਿਆਪਾ ਪੁਆ ਗਿਆ ਪੰਜਾਬ ਦੀ ਪੁਲਿਸ ਨੂੰ। “ਬੱਗੇ ਦੀ ਪਾਵਰ” ਉਨ੍ਹਾਂ ਲੋਕਾਂ ਨੂੰ ਪਤਾ ਲੱਗ ਗਈ, ਜਿਹੜੇ ਐਵੇਂ ਹਵਾ ‘ਚ ਉੱਡਦੇ ਫਿਰਦੇ ਨੇ ਅਤੇ ਭਾਜਪਾ ਨੂੰ ਕੋਸਦੇ ਰਹਿੰਦੇ ਨੇ। ਖ਼ੈਰ, ਛੱਡੋ ਆਪਾਂ ਕੀ ਲੈਣਾ, ਭਾਜਪਾ ਵਾਲਿਆਂ ਦੀ ਪਾਵਰ ਬਹੁਤ ਹੈ, ਉਹ ਕੁਝ ਵੀ ਕਰ ਸਕਦੇ ਨੇ, ਇੱਥੋਂ ਤੱਕ ਕਿ ਸੰਦੂਕਾਂ ਵਿੱਚੋਂ ਰਾਤ ਦੇ ਅੱਠ ਵਜੇ ਨੋਟ ਵੀ ਕਢਵਾ ਸਕਦੇ ਨੇ। ਇਹ ਹੁਕਮਰਾਨ ਤਾਂ ਗ਼ਰੀਬਾਂ ਦਾ ਮਹਿੰਗਾਈ ਨਾਲ ਚੁੱਲਾ ਵੀ ਬੁਝਾ ਸਕਦੇ ਨੇ, ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੇ ਭਾਅ ਨੂੰ ਅੱਗ ਲਗਵਾ ਸਕਦੇ ਨੇ।

-ਗੁਰਪ੍ਰੀਤ

1 COMMENT

LEAVE A REPLY

Please enter your comment!
Please enter your name here