ਵਾਅਦੇ ਕਰਕੇ ਮੁੱਕਰੀ ਭਗਵੰਤ ਮਾਨ ਸਰਕਾਰ! ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਕੈਬਨਿਟ ਮੰਤਰੀ ਈਟੀਓ ਦੀ ਰਿਹਾਇਸ਼ ਮੂਹਰੇ ਵਿਸ਼ਾਲ ਰੈਲੀ

1328

 

  • 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸੂਬਾਈ ਰੈਲੀ ਕਰਨ ਦਾ ਐਲਾਨ

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੂਬਾ ਪ੍ਰੋਗਰਾਮ ਅਨੁਸਾਰ ਫਰੰਟ ਵੱਲੋਂ ਅੱਜ ਨਿਊ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਘਰ ਦਾ ਘਿਰਾਓ ਕਰਨ ਉਪਰੰਤ ਮਾਰਚ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਸਵਿੰਦਰਪਾਲ ਸਿੰਘ ਮੋਲੋਵਾਲੀ, ਗੁਰਦੀਪ ਸਿੰਘ ਬਾਜਵਾ, ਭਜਨ ਸਿੰਘ ਗਿੱਲ, ਮਦਨ ਗੋਪਾਲ, ਜੋਗਿੰਦਰ ਸਿੰਘ, ਸੋਮ ਸਿੰਘ, ਬਾਜ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਪ੍ਰੀਤ ਸਿੰਘ ਮਾੜੀਮੇਘਾ ਅਤੇ ਬੋਬਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਾਣ-ਭੱਤਾ ਵਰਕਰਾਂ, ਕੱਚੇ ਵਰਕਰਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਧਾਰਨ ਕੀਤੇ ਗਏ ਅੱਖੜ ਵਤੀਰੇ ਖਿਲਾਫ਼ ਸਾਂਝੇ ਫਰੰਟ ਵੱਲੋਂ ਪੰਜਾਬ ਅੰਦਰ 4 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਅੱਜ ਨਿਊ ਅੰਮ੍ਰਿਤਸਰ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਘਰ ਸਾਹਮਣੇ ਮਾਝਾ ਜ਼ੋਨ ਦੀ ਵਿਸ਼ਾਲ ਰੈਲੀ ਕਰਕੇ ਕੀਤੀ ਗਈ ਹੈ, ਜਿਸ ਵਿੱਚ ਸਾਂਝੇ ਫਰੰਟ ਨਾਲ ਸਬੰਧਤ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ ਹੈ।

ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝੇ ਫਰੰਟ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਚੀਮਾ ਨਾਲ ਹੋਈਆਂ ਤਿੰਨ ਮੀਟਿੰਗਾਂ ਦਾ ਵੀ ਕੋਈ ਠੋਸ ਸਿੱਟਾ ਨਹੀਂ ਨਿਕਲਿਆ।

ਉਹਨਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਦੁੱਗਣਾ ਵਾਧਾ ਕੀਤਾ ਜਾਵੇਗਾ, ਪਹਿਲੀ ਕੈਬਨਿਟ ਮੀਟਿੰਗ ਵਿੱਚ ਸਮੂਹ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ।

ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦਿੱਤਾ ਜਾਵੇਗਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਅਤੇ 09-07-2016 ਦੇ ਨੋਟੀਫਿਕੇਸ਼ਨ ਰੱਦ ਕੀਤੇ ਜਾਣਗੇ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਪੇਂਡੂ ਭੱਤਾ ਅਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣਗੇ। ਪ੍ਰੰਤੂ ਭਗਵੰਤ ਮਾਨ ਸਰਕਾਰ ਵੱਲੋਂ ਉਕਤ ਸਾਰੇ ਵਾਅਦਿਆਂ ਨੂੰ ਠੰਡੇ ਬਸਤੇ ਵਿੱਚ ਰੱਖ ਦਿੱਤਾ ਗਿਆ ਹੈ।

ਰੈਲੀ ਵਿੱਚ ਦਿਲਦਾਰ ਸਿੰਘ ਭੰਡਾਲ, ਮਮਤਾ ਸ਼ਰਮਾ, ਸੁਖਦੇਵ ਸਿੰਘ ਪੰਨੂ, ਅਜੇ ਸਨੋਤਰਾ, ਮਾਇਆਧਾਰੀ, ਮੁਖਤਾਰ ਸਿੰਘ ਮੁਹਾਵਾ, ਡਾ. ਲੇਖ ਰਾਜ, ਦਿਲਬਾਗ ਸਿੰਘ, ਸੁਰਿੰਦਰ ਰਾਮ ਕੁੱਸਾ, ਕੇਵਲ ਬਨਵੈਤ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਵਿੱਚ 01-01-2016 ਨੂੰ 125% ਡੀ.ਏ. ਨੂੰ ਅਧਾਰ ਬਣਾ ਕੇ ਅਨੁਸਾਰ ਗੁਣਾਂਕ ਤਹਿ ਕੀਤਾ ਜਾਵੇ, ਰਹਿੰਦੇ 8% ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਅਤੇ ਪਿਛਲੇ ਬਕਾਏ ਦਿੱਤੇ ਜਾਣ ਅਤੇ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ ਯਕਮੁਸ਼ਤ ਦਿੱਤੇ ਜਾਣ।

ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਂਝੇ ਫਰੰਟ ਨਾਲ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ 50 ਹਜ਼ਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਰੈਲੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਕਿਰਨ ਸਿੰਘ ਤਹਿਸੀਲਦਾਰ ਅੰਮ੍ਰਿਤਸਰ ਨੇ ਮੰਗ ਪੱਤਰ ਪ੍ਰਾਪਤ ਕੀਤਾ।

ਰੈਲੀ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਬਲਦੇਵ ਸਿੰਘ ਸੰਧੂ, ਬਲਜਿੰਦਰ ਸਿੰਘ ਤਰਨਤਾਰਨ, ਪ੍ਰਤਾਪ ਸਿੰਘ ਠੱਠਗੜ੍ਹ, ਜੱਸਾ ਸਿੰਘ ਮਹਾਂਸੰਘ, ਮੇਜਰ ਸਿੰਘ ਧੁੰਨ, ਅਜੀਤ ਸਿੰਘ ਸੋਢੀ, ਬਲਦੇਵ ਸਿੰਘ ਜਾਮਾਰਾਏ, ਰਣਬੀਰ ਸਿੰਘ ਉੱਪਲ, ਦੀਨਾ ਨਾਥ ਚੌਹਾਨ, ਬਿਕਰਮਜੀਤ ਪਠਾਨਕੋਟ, ਗਗਨਦੀਪ ਸਿੰਘ ਖਾਲਸਾ, ਗੁਰਬਿੰਦਰ ਸਿੰਘ ਖਹਿਰਾ, ਸੁਭਾਸ਼ ਪਠਾਨਕੋਟ, ਬਲਦੇਵ ਸਿੰਘ ਕੱਲ੍ਹਾ, ਗੁਰਦੀਪ ਸਿੰਘ ਕਪੂਰਥਲਾ, ਸ਼ਿਵ ਨਰਾਇਣ, ਰਾਮ ਲੁਭਾਇਆ, ਸਾਹਿਬ ਸੋਨੂ, ਜੋਗਾ ਸਿੰਘ, ਸੁਦੇਸ਼ ਜੇਵੀ, ਮਦਨ ਲਾਲ ਮੰਨਣ, ਕਰਮਜੀਤ ਸਿੰਘ ਕੇ.ਪੀ., ਰਛਪਾਲ ਸਿੰਘ ਜੋਧਾਨਗਰੀ ਅਤੇ ਮਹਿੰਦਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।