ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਫ਼ੇਲ੍ਹ! ਚੰਡੀਗੜ੍ਹ ‘ਚ ਹਜ਼ਾਰਾਂ ਮੁਲਾਜ਼ਮ ਗਰਜੇ

245

 

Bhagwant Maan govt failed to fulfill the promises made to the employees and pensioners! Thousands of employees roared in Chandigarh

  • ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਰਾਜਧਾਨੀ ਚੰਡੀਗੜ੍ਹ ‘ਚ ਵਿਸ਼ਾਲ ਰੋਸ ਰੈਲੀ
  • ਸਰਕਾਰ ਉੱਤੇ ਮਸਲੇ ਹੱਲ ਨਾ ਕਰਨ ਅਤੇ ਵਾਰ ਵਾਰ ਮੀਟਿੰਗਾਂ ਦੇ ਕੇ ਮੁਕਰਨ ਦਾ ਦੋਸ਼

ਦਲਜੀਤ ਕੌਰ, ਚੰਡੀਗੜ੍ਹ

Bhagwant Maan – ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕਰਨ, ਵੱਖ-ਵੱਖ ਕਿਸਮ ਦੇ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਨਾ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਨਾ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਭੱਤੇ ‘ਤੇ ਏ.ਸੀ.ਪੀ. ਬਹਾਲ ਨਾ ਕਰਨ, ਮਹਿੰਗਾਈ ਭੱਤੇ ਦੀਆਂ ਰੋਕੀਆਂ ਗਈਆਂ ਕਿਸ਼ਤਾਂ ਅਤੇ ਬਕਾਏ ਜਾਰੀ ਨਾ ਕਰਨ, ਥੋਪਿਆ ਗਿਆ 200 ਰੁਪਏ ਵਿਕਾਸ ਟੈਕਸ ਵਾਪਸ ਨਾ ਲਏ ਜਾਣ, ਠੇਕੇਦਾਰੀ ਤੇ ਆਊਟਸੋਰਸ ਪ੍ਰਣਾਲੀ ਬੰਦ ਨਾ ਕੀਤੇ ਜਾਣ ਦੇ ਵਿਰੋਧ ਵਿੱਚ ‘ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਦੇ ਸੱਦੇ ਤਹਿਤ ਅੱਜ ਵੱਖ-ਵੱਖ ਜਿਲਿਆਂ ਵਿੱਚੋਂ ਪਹੁੰਚੇ ਹਜਾਰਾਂ ਮੁਲਾਜਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਵੱਲੋਂ ਸਥਾਨਕ 39 ਸੈਕਟਰ ਵਿਖੇ ਮੈਕਸ ਹਸਪਤਾਲ ਦੇ ਨੇੜੇ ਵਿਸ਼ਾਲ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਤੱਕ ਰੋਸ ਮਾਰਚ ਕੀਤਾ ਗਿਆ।

ਇਹ ਰੋਸ ਮਾਰਚ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਸਾਂਝੇ ਫਰੰਟ ਦੀ 18 ਅਕਤੂਬਰ ਨੂੰ ਮੀਟਿੰਗ ਤੈਅ ਹੋਣ ਉਪਰੰਤ ਮੰਤਰੀਆਂ ਦੀ ਕੋਠੀਆਂ ਤੋਂ ਪਹਿਲਾਂ ਪੁਲਿਸ ਦੁਆਰਾ ਲਗਾਏ ਬੈਰੀਕੇਟਾਂ ਤੇ ਸਮਾਪਤ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਸੂਬਾਈ ਆਗੂਆਂ ਸ਼ਵਿੰਦਰਪਾਲ ਮੋਲੋਵਾਲੀ, ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਬਾਜ ਸਿੰਘ ਖਹਿਰਾ, ਡਾ. ਐੱਨ. ਕੇ. ਕਲਸੀ, ਗਗਨਦੀਪ ਬਠਿੰਡਾ, ਸੁਰਿੰਦਰ ਰਾਮ ਕੁੱਸਾ, ਹਰਭਜਨ ਪਿਲਖਣੀ, ਸੁਖਦੇਵ ਸਿੰਘ ਸੈਣੀ, ਰਤਨ ਸਿੰਘ ਮਜਾਰੀ, ਰਾਧੇ ਸ਼ਿਆਮ, ਗੁਰਮੇਲ ਸਿੰਘ ਮੈਲਡੇ ਤੇ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੱਗਭੱਗ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਜਿਸ ਕਾਰਨ ਸਾਂਝੇ ਫਰੰਟ ਨੂੰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਆਖਿਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਨਕਾਰੀਆਂ ਗਈਆਂ ਸਿਆਸੀ ਪਾਰਟੀਆਂ ਨੂੰ ਤਾਂ ਬਹਿਸ ਕਰਨ ਦਾ ਸੱਦਾ ਦੇ ਰਹੇ ਹਨ ਪਰ ਪੰਜਾਬ ਦੇ ਉਹਨਾਂ ਲੋਕਾਂ ਦੇ ਪ੍ਰਤੀਨਿੱਧਾਂ ਨਾਲ ਗੱਲ ਕਰਨ ਤੋਂ ਵੀ ਭੱਜ ਰਹੇ ਹਨ ਜਿਹਨਾਂ ਨਾਲ ਵਾਅਦੇ ਕਰਕੇ ਉਹ ਸੱਤਾ ਵਿੱਚ ਆਏ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸੁਰਿੰਦਰ ਪੁਆਰੀ, ਹਰਦੀਪ ਟੋਡਰਪੁਰ, ਅਵੀਨਾਸ਼ ਚੰਦਰ, ਤੀਰਥ ਬਾਸੀ, ਕੁਲਵਰਨ ਸਿੰਘ, ਦਰਸ਼ਨ ਸਿੰਘ ਉਟਾਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਬੀ.ਐੱਸ. ਸੈਣੀ, ਐੱਨ.ਡੀ. ਤਿਵਾੜੀ, ਅਮਰੀਕ ਸਿੰਘ ਕੰਗ, ਸੀਸ਼ਨ ਕੁਮਾਰ, ਬੋਬਿੰਦਰ ਸਿੰਘ, ਦਿੱਗਵਿਜੈਪਾਲ ਮੋਗਾ ਅਤੇ ਸਰਬਜੀਤ ਭਾਣਾ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਟਾਲਾ ਵੱਟ ਰਹੇ ਹਨ।

ਉੱਥੇ ਪਿਛਲੀਆਂ ਸਰਕਾਰਾਂ ਤੋਂ ਵੀ ਅੱਗੇ ਜਾ ਕੇ ਐਸਮਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀ ਜੁਬਾਨਬੰਦੀ ਕਰ ਰਹੇ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਝੂਠੀ ਇਸ਼ਤਿਹਾਰਬਾਜੀ ਬੰਦ ਕਰਕੇ ਮਸਲਿਆਂ ਦਾ ਹਕੀਕੀ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਇਸਦੀ ਸਿਆਸੀ ਕੀਮਤ ਦੇਣੀ ਪਵੇਗੀ।

ਇਸ ਮੌਕੇ ਮਹਿਮਾ ਸਿੰਘ ਢਿਲੋਂ, ਸੁਖਵਿੰਦਰ ਚਾਹਲ, ਬਕਸ਼ੀਸ਼ ਸਿੰਘ, ਧਨਵੰਤ ਸਿੰਘ ਭੱਠਲ, ਦਰਸ਼ਨ ਲੁਬਾਣਾ, ਸੁੱਚਾ ਸਿੰਘ ਕਪੂਰਥਲਾ, ਸੁਰਿੰਦਰਪਾਲ ਲਾਹੌਰੀਆ, ਗੁਰਜੰਟ ਸਿੰਘ ਵਾਲੀਆ, ਸ਼੍ਰਨਿਵਾਸ, ਜਰਨੈਲ ਸਿੰਘ ਸਿੱਧੂ, ਕੁਲਬੀਰ ਮੋਗਾ, ਲਖਵਿੰਦਰ ਸਿੰਘ, ਨਰਿੰਦਰ ਬੱਲ, ਜਗਦੀਸ਼ ਚਾਹਲ, ਜਸਵਿੰਦਰ ਸਿੰਘ ਪਿਸ਼ੋਰੀਆ ਆਦਿ ਆਗੂ ਵੀ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)