ਭਗਵੰਤ ਮਾਨ ਸਰਕਾਰ ਦਾ ਬਜਟ ‘ਧੋਖਾ’ ਅਤੇ ‘ਪਾੜਾ ਪਾਉਣ ਵਾਲਾ’! ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਤਿੱਖੀ ਆਲੋਚਨਾ

 

ਭਗਵੰਤ ਮਾਨ ਸਰਕਾਰ ਦਾ ਬਜਟ ‘ਧੋਖਾ’ ਅਤੇ ‘ਪਾੜਾ ਪਾਉਣ ਵਾਲਾ’! ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਤਿੱਖੀ ਆਲੋਚਨਾ

Punjab News, 8 March 2026- 

ਪੰਜਾਬ ਸਰਕਾਰ ਵੱਲੋਂ ਅੱਜ ਲਿਆਂਦੇ ਬਜਟ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਯੂਨੀਅਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਲਈ 15 ਹਜ਼ਾਰ ਕਰੋੜ ਬਹੁਤ ਘੱਟ ਰਕਮ ਹੈ, ਬੇਸ਼ਰਤੇ ਕਿ ਇਹ ਵੀ ਲੋੜਵੰਦ ਕਿਸਾਨਾਂ ਤੱਕ ਪਹੁੰਚੇ।

ਉਨ੍ਹਾਂ ਕਿਹਾ ਕਿ ਕਪਾਹ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਵੱਡੀ ਗਿਣਤੀ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਇਆ, ਸਗੋਂ ਖੇਤੀ ਸੰਦਾਂ ਰਾਹੀਂ ਮਿਲਣ ਵਾਲੀ ਸਬਸਿਡੀ ਵੀ ਵੱਡੀਆਂ ਫਰਮਾਂ ਅਤੇ ਸਰਕਾਰੀ ਅਧਿਕਾਰੀ ਹੀ ਛੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਹੇਠ ਰਕਬਾ ਹਰ ਸਾਲ ਵੱਧ ਰਿਹਾ ਹੈ।

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਅਤੇ ਖੇਤੀ ਵਿਭਿੰਨਤਾ ਲੈ ਕੇ ਆਉਣ ਲਈ ਸਾਰੀਆਂ ਫਸਲਾਂ ‘ਤੇ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ, ਪਰ ਅਫ਼ਸੋਸ ਕਿ ਚੋਣ ਵਾਅਦਾ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਸ ‘ਤੇ ਇੱਕ ਸ਼ਬਦ ਨਹੀਂ ਬੋਲਿਆ। ਕਿਸਾਨਾਂ ਦੀ ਕਰਜ਼ ਮਾਫ਼ੀ ਅਤੇ ਖੇਤੀ ਲਈ ਫਰੀ ਟਿਊਬਵੈੱਲ ਕੁਨੈਕਸ਼ਨ ਅਤੇ ਸਬਸਿਡੀਆਂ ਤੋਂ ਬਿਨਾਂ ਕਿਸਾਨਾਂ ਨੂੰ ਨਹੀਂ ਬਚਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਔਰਤ ਦਿਵਸ ‘ਤੇ ਇੱਕ ਵਾਰ ਫਿਰ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਸਾਰੀਆਂ ਔਰਤਾਂ ਨੂੰ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ, ਪਰ ਚਾਰ ਸਾਲ ਦੇ ਪੈਸੇ ਨਹੀਂ ਦਿੱਤੇ।

ਹੁਣ ਆਖ਼ਰੀ ਸਾਲ ਵਿੱਚ ਟੈਕਸ ਭਰਨ ਵਾਲੀਆਂ, ਸਰਕਾਰੀ ਨੌਕਰੀ ਅਤੇ ਰਿਟਾਇਰਡ ਔਰਤਾਂ ਨੂੰ ਇਸ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਅਤੇ ਜਨਰਲ ਅਤੇ ਦਲਿਤ ਵਿਚਕਾਰ ਰਕਮ ਦਾ ਫ਼ਰਕ ਰੱਖ ਕੇ ਪੰਜਾਬ ਦੀਆਂ ਔਰਤਾਂ ਵਿੱਚ ਪਾੜਾ ਪਾਉਣ ਦਾ ਕੰਮ ਕੀਤਾ ਹੈ, ਤਾਂ ਕਿ ਲੋਕਾਂ ਦੀ ਇਸ ਉਲਝਣ ਵਿੱਚ ਸਰਕਾਰ ਆਪਣਾ ਪੱਲਾ ਝਾੜ ਕੇ ਪਾਸਾ ਵੱਟ ਸਕੇ।

ਇਸ ਮੌਕੇ ਸੀਨੀਅਰ ਕਿਸਾਨ ਆਗੂ ਸੁਖਦੇਵ ਸਿੰਘ, ਅਮਰੀਕ ਸਿੰਘ, ਮਹਿਮਾ ਨੰਬਰਦਾਰ ਗੁਰਮੀਤ ਸਿੰਘ, ਰਣਜੋਧ ਸਿੰਘ, ਪ੍ਰੇਮ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।