ਵੱਡੀ ਖ਼ਬਰ: ਜਾਅਲੀ ਸਰਟੀਫਿਕੇਟਾਂ ‘ਤੇ ਨੌਕਰੀ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

File Photo

 

ਵੱਡੀ ਖ਼ਬਰ: ਜਾਅਲੀ ਸਰਟੀਫਿਕੇਟਾਂ ‘ਤੇ ਨੌਕਰੀ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

ਚੰਡੀਗੜ੍ਹ, 26 ਫਰਵਰੀ 2026 :

ਪੰਜਾਬ ਦੇ ਅੰਦਰ ਜਾਅਲੀ ਸਰਟੀਫਿਕੇਟਾਂ ‘ਤੇ ਨੌਕਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਕਿਉਂਕਿ ਸਰਕਾਰ ਦੇ ਵੱਲੋਂ ਜਿੱਥੇ ਵੱਡੇ ਪੱਧਰ ਤੇ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹੁਣ ਵਿਜੀਲੈਂਸ ਦੇ ਵੱਲੋਂ ਵੀ ਕਾਰਵਾਈ ਆਰੰਭ ਦਿੱਤੀ ਗਈ ਹੈ। ਬੀਤੇ ਕੱਲ੍ਹ ਵਿਜੀਲੈਂਸ ਨੇ ਇੱਕ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜਾਅਲੀ ਸਰਟੀਫਿਕੇਟਾਂ ਦੇ ਆਧਾਰ ‘ਤੇ 2023 ਤੋਂ ਨੌਕਰੀ ਕਰ ਰਿਹਾ ਸੀ।

ਸਰਕਾਰੀ ਬੁਲਾਰੇ ਮੁਤਾਬਕ, ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਪਹੁੰਚ ਅਪਣਾਉਂਦਿਆਂ ਵਿਜੀਲੈਂਸ ਬਿਊਰੋ ਪੰਜਾਬ ਨੇ ਸਿਵਲ ਹਸਪਤਾਲ ਬਰੇਟਾ ਜ਼ਿਲ੍ਹਾ ਮਾਨਸਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਤਾਇਨਾਤ ਕਾਉਂਸਲਰ ਸ਼ੰਕਰ ਸਿੰਘ ਨੂੰ ਜਾਅਲੀ ਡਿਗਰੀ/ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਹਾਸਿਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਕਾਊਂਸਲਰ ਸ਼ੰਕਰ ਸਿੰਘ, ਵਾਸੀ ਪਿੰਡ ਭੂੰਦੜ ਭੈਣੀ, ਤਹਿਸੀਲ ਮੂਨਕ, ਜ਼ਿਲ੍ਹਾ ਸੰਗਰੂਰ ਵਿਰੁੱਧ ਕਾਰਵਾਈ ਕੀਤੀ ਗਈ।

ਉਹਨਾਂ ਦੱਸਿਆ ਕਿ ਸਾਲ 2023 ਵਿੱਚ ਇੱਕ ਨਿੱਜੀ ਕੰਪਨੀ ਇਨੋਵਿਜ਼ਨ ਲਿਮਟਿਡ ਰਾਹੀਂ ਆਊਟਸੋਰਸਿੰਗ ਤੇ ਭਰਤੀ ਕੀਤੇ ਗਏ ਕੌਂਸਲਰਾਂ ਅਤੇ ਕੰਪਿਊਟਰ ਆਪਰੇਟਰਾਂ ਦੀਆਂ ਡਿਗਰੀਆਂ/ਸਰਟੀਫਿਕੇਟਾਂ ਦੀ ਸਿਵਲ ਸਰਜਨ, ਮਾਨਸਾ ਦੇ ਦਫ਼ਤਰ ਦੁਆਰਾ ਤਸਦੀਕ ਕਰਵਾਈ ਗਈ ਅਤੇ ਇਹ ਪਾਇਆ ਗਿਆ ਕਿ ਉਕਤ ਨੇ ਜਾਅਲੀ ਡਿਗਰੀ/ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਪ੍ਰਾਪਤ ਕੀਤੀ ਸੀ।

ਉਕਤ ਮੁਲਾਜ਼ਮ ਦੇ ਵਿਰੁੱਧ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।