ਵੱਡੀ ਖ਼ਬਰ: Punjab ‘ਚ ਅੱਗ ਨੇ ਮਚਾਈ ਤਬਾਹੀ, ਕਿਸਾਨਾਂ ਦੀ 15 ਏਕੜ ਕਣਕ ਸੜ ਕੇ ਸੁਆਹ!
ਕੋਟਕਪੂਰਾ, 13 ਅਪ੍ਰੈਲ 2026:
ਅੱਜ ਦੁਪਹਿਰ ਸਮੇਂ ਪਿੰਡ ਢਿੱਲਵਾਂ ਕਲਾਂ ਵਿਖੇ ਵਾਪਰੀ ਇੱਕ ਭਿਆਨਕ ਘਟਨਾ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਰੀਬ 15 ਏਕੜ ਤੋਂ ਵੱਧ ਕਣਕ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਵਿਸਾਖੀ ਦੇ ਤਿਉਹਾਰ ਮੌਕੇ ਵਾਪਰੀ ਇਸ ਘਟਨਾ ਨੇ ਪੀੜਤ ਕਿਸਾਨਾਂ ਦੇ ਅਰਮਾਨ ਚਕਨਾਚੂਰ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ, ਅੱਗ ਦੁਪਹਿਰ ਤਕਰੀਬਨ 2:30 ਵਜੇ ਗੁਰੂਕੁਲ ਕਾਲਜ ਦੇ ਪਿਛਲੇ ਪਾਸੇ ਅਤੇ ਸੂਏ ਦੇ ਨੇੜਲੇ ਖੇਤਾਂ ਵਿੱਚ ਲੱਗੀ। ਤੇਜ਼ ਹਵਾਵਾਂ ਕਾਰਨ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰ ਲਿਆ। ਕਿਸਾਨਾਂ ਨੇ ਦੱਸਿਆ ਕਿ ਸੂਏ ਦੀ ਪਟੜੀ ‘ਤੇ ਖੜ੍ਹੇ ਸਫ਼ੈਦਿਆਂ ਵਿੱਚੋਂ ਅਚਾਨਕ ਅੱਗ ਨਿਕਲੀ, ਜੋ ਹਵਾ ਦੇ ਬੁੱਲ੍ਹਿਆਂ ਨਾਲ ਸਿੱਧੀ ਕਣਕ ਦੇ ਖੇਤਾਂ ਵਿੱਚ ਜਾ ਪਈ।
ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਲਖਵਿੰਦਰ ਸਿੰਘ ਸਿੰਦਾ ਦੀ 7 ਏਕੜ ਫ਼ਸਲ ਤਬਾਹ, ਭਜਨ ਸਿੰਘ ਦੀ 4 ਏਕੜ ਫ਼ਸਲ ਸੜ ਕੇ ਸੁਆਹ, ਭਿੰਦਾ ਢਿੱਲੋਂ ਦੀ 2 ਏਕੜ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੀ ਕਣਕ ਇਸ ਅਗਨੀ ਕਾਂਡ ਦੀ ਭੇਟ ਚੜ੍ਹ ਗਈ ਹੈ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਟਰੈਕਟਰ, ਹਲ ਅਤੇ ਤਵੀਆਂ ਲੈ ਕੇ ਮੌਕੇ ‘ਤੇ ਪਹੁੰਚੇ।
ਲੋਕਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਅਤੇ ਪਾਣੀ ਵਾਲੀਆਂ ਟੈਂਕੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਅੱਗ ਬੁਝਾਊ ਗੱਡੀਆਂ (Fire Brigade) ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਪੂਰੀ ਤਰ੍ਹਾਂ ਸ਼ਾਂਤ ਕੀਤਾ।
BKU ਏਕਤਾ (ਮਝੈਲ) ਨੇ ਮੁਆਵਜ਼ੇ ਦੀ ਕੀਤੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ (ਮਝੈਲ) ਦੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਕਿਸਾਨ ਆਗੂਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ, ਪ੍ਰਭਾਵਿਤ ਕਿਸਾਨਾਂ ਦਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੈ, ਇਸ ਲਈ ਜਲਦ ਗਿਰਦਾਵਰੀ ਕਰਵਾਈ ਜਾਵੇ।
ਪੀੜਤ ਕਿਸਾਨਾਂ ਨੂੰ ਤੁਰੰਤ ਢੁੱਕਵਾਂ ਵਿੱਤੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।






