ਵਿਦਿਆਰਥੀਆਂ ਨੂੰ ਵੱਡੀ ਖ਼ਬਰ: PSEB ਹੁਣ ਨਹੀਂ ਜਾਰੀ ਕਰੇਗਾ ਇਹ ਸਰਟੀਫਿਕੇਟ!

 

ਵਿਦਿਆਰਥੀਆਂ ਨੂੰ ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਹੁਣ ਨਹੀਂ ਜਾਰੀ ਕਰੇਗਾ ‘ਸਮਾਨਤਾ ਪੱਤਰ’

Punjab Network

ਐੱਸ.ਏ.ਐੱਸ. ਨਗਰ (ਮੋਹਾਲੀ), 18 ਮਾਰਚ 2026:

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦੇਸ਼ਾਂ ਤੋਂ ਵਿੱਦਿਆ ਪ੍ਰਾਪਤ ਕਰਕੇ ਪੰਜਾਬ ਵਿੱਚ ਅਗਲੇਰੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ।

ਬੋਰਡ ਨੇ ਫੈਸਲਾ ਕੀਤਾ ਹੈ ਕਿ ਅਪ੍ਰੈਲ 2026 ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣ ਵਾਲੇ ‘ਸਮਾਨਤਾ ਪੱਤਰ’ (Equivalence Certificate) ਦੀ ਪ੍ਰਕਿਰਿਆ ਨੂੰ ਮੁਕੰਮਲ ਰੂਪ ਵਿੱਚ ਬੰਦ ਕਰ ਦਿੱਤਾ ਜਾਵੇਗਾ।

ਕੀ ਹੋਵੇਗਾ ਨਵਾਂ ਬਦਲਾਅ?

ਹੁਣ ਵਿਦਿਆਰਥੀਆਂ ਨੂੰ ਦੂਹਰੀ ਜਾਂਚ ਦੀ ਖੱਜਲ-ਖੁਆਰੀ ਤੋਂ ਨਹੀਂ ਲੰਘਣਾ ਪਵੇਗਾ। ਨਵੇਂ ਨਿਯਮਾਂ ਅਨੁਸਾਰ, ਵਿਦਿਆਰਥੀ ਹੁਣ ਸਿਰਫ਼ UGC (University Grants Commission) ਵੱਲੋਂ ਜਾਰੀ ਸਮਾਨਤਾ ਸਰਟੀਫਿਕੇਟ ਦਿਖਾ ਕੇ ਸਿੱਧਾ ਦਾਖਲਾ ਲੈ ਸਕਣਗੇ।

ਪਹਿਲਾਂ ਕੇਂਦਰ ਸਰਕਾਰ ਦੇ ਅਦਾਰਿਆਂ ਤੋਂ ਬਾਅਦ ਸੂਬਾ ਪੱਧਰ ‘ਤੇ ਵੀ ਜਾਂਚ ਹੁੰਦੀ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਹ ਫੈਸਲਾ ਨਵੇਂ ਅਕਾਦਮਿਕ ਵਰ੍ਹੇ (2026-27) ਤੋਂ ਲਾਗੂ ਹੋਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਚੇਅਰਮੈਨ ਡਾ. ਅਮਰਪਾਲ ਸਿੰਘ (IAS ਰਿਟਾ:) ਨੇ ਦੱਸਿਆ ਕਿ ਇਹ ਫੈਸਲਾ ਫਰਵਰੀ 2026 ਵਿੱਚ ਹੋਈ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ, “ਪਹਿਲਾਂ ਵਿਦਿਆਰਥੀਆਂ ਨੂੰ ਇੱਕੋ ਕੰਮ ਲਈ ਲੰਬੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ। ਦੂਹਰੀ ਜਾਂਚ ਦੀ ਪ੍ਰਕਿਰਿਆ ਬੰਦ ਹੋਣ ਨਾਲ ਵਿਦਿਆਰਥੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਦਾਖਲਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇਗੀ।”