ਵੱਡੀ ਖ਼ਬਰ: ਭਾਰਤ ਸਰਕਾਰ ਨੇ ਦਿੱਲੀ ਸਮੇਤ 8 ਸੂਬਿਆਂ ਦੇ ਗਵਰਨਰ ਬਦਲੇ; ਤਰਨਜੀਤ ਸੰਧੂ ਨੂੰ ਲਾਇਆ LG- ਪੜ੍ਹੋ ਨਵੇਂ ਗਵਰਨਰਾਂ ਦੀ ਲਿਸਟ
ਪੰਜਾਬ ਨੈੱਟਵਰਕ
ਨਵੀਂ ਦਿੱਲੀ, 5 ਮਾਰਚ 2026
ਅੱਜ ਸ਼ਾਮ ਕਰੀਬ 8 ਵਜੇ ਪੱਛਮੀ ਬੰਗਾਲ ਤੋਂ ਖਬਰ ਸਾਹਮਣੇ ਆਈ ਕਿ, ਪੱਛਮੀ ਬੰਗਾਲ ਦੇ ਗਵਰਨਰ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਹ ਖਬਰ ਅੱਗ ਵਾਂਗੂ ਫੈਲੀ ਅਤੇ ਗਵਰਨਰ ਦੇ ਅਸਤੀਫੇ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਵੀ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਹੈਰਾਨ ਹੈ ਕਿ ਇਹ ਸਭ ਕੁਝ ਇਨੀ ਜਲਦੀ ਕਿਵੇਂ ਹੋ ਗਿਆ?
ਖੈਰ, ਅਜੇ ਪੱਛਮੀ ਬੰਗਾਲ ਦੇ ਗਵਰਨਰ ਦੇ ਅਸਤੀਫੇ ਦੀਆਂ ਖਬਰਾਂ ਚੱਲ ਰਹੀਆਂ ਸਨ ਕਿ, ਭਾਰਤ ਦੇ ਰਾਸ਼ਟਰਪਤੀ ਭਵਨ ਦੇ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਵੱਖ ਵੱਖ ਸੂਬਿਆਂ ਦੇ ਗਵਰਨਰਾਂ ਤੋਂ ਇਲਾਵਾ ਲੈਫਟੀਨੈਂਟ ਗਵਰਨਰ ਵੀ ਬਦਲ ਦਿੱਤੇ ਗਏ।
ਨਿਊਜ਼ ਏਜੰਸੀ ANI ਦੇ ਮੁਤਾਬਕ, ਰਾਸ਼ਟਰਪਤੀ ਭਵਨ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦੇ ਗਵਰਨਰ ਡਾਕਟਰ ਸੀਵੀ ਅਨੰਦ ਬੋਸ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ, ਜਦੋਂਕਿ ਹੁਣ ਤਾਮਿਲਨਾਡੂ ਦੇ ਨਵੇਂ ਰਾਜਪਾਲ ਆਰ.ਐਨ ਰਵੀ ਹੋਣਗੇ।
ਇਸ ਤੋਂ ਇਲਾਵਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੂੰ ਲੱਦਾਖ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ। ਹਾਲਾਂਕਿ ਰਾਜਧਾਨੀ ਦਿੱਲੀ ਦਾ ਲੈਫਟੀਨੈਂਟ ਗਵਰਨਰ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਨਾਲ ਸੰਬੰਧਿਤ ਤਰਨਜੀਤ ਸਿੰਘ ਸੰਧੂ ਨੂੰ ਨਿਯੁਕਤ ਕੀਤਾ ਗਿਆ ਹੈ।
ਜਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤੇਲੰਗਾਨਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਤੇਲੰਗਾਨਾ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਨੰਦ ਕਿਸ਼ੋਰ ਯਾਦਵ ਨੂੰ ਨਾਗਾਲੈਂਡ ਦਾ ਰਾਜਪਾਲ ਲਾਇਆ ਗਿਆ ਹੈ, ਜਦੋਂਕਿ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੂੰ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਤਾਮਿਲਨਾਡੂ ਦੇ ਰਾਜਪਾਲ ਦੇ ਫਰਜ਼ ਸੰਭਾਲਣਗੇ। ਲੱਦਾਖ ਦੇ ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।






