ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 11 ਅਪ੍ਰੈਲ ਨੂੰ ਅਹਿਮ ਮੀਟਿੰਗ, ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗਣ ਦੀ ਉਮੀਦ
ਵਿਸ਼ੇਸ਼ ਸੈਸ਼ਨ ‘ਚ 13 ਅਪ੍ਰੈਲ ਨੂੰ ਬੇਅਦਬੀ ਵਿਰੁੱਧ ਬਿੱਲ ਲਿਆਏਗੀ ਮਾਨ ਸਰਕਾਰ
ਚੰਡੀਗੜ੍ਹ, 9 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣ ਵਾਲੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀ ਰਣਨੀਤੀ ਤਿਆਰ ਕਰਨ ਲਈ 11 ਅਪ੍ਰੈਲ ਨੂੰ ਦੁਪਹਿਰ 3:00 ਵਜੇ (ਮੁੱਖ ਮੰਤਰੀ ਰਿਹਾਇਸ਼ (CM House), ਚੰਡੀਗੜ੍ਹ) ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਸੱਦੀ ਹੈ।
ਇਹ ਮੀਟਿੰਗ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਵੇਗੀ, ਜਿਸ ਵਿੱਚ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗਣ ਦੀ ਉਮੀਦ ਹੈ।

ਸੂਤਰਾਂ ਅਨੁਸਾਰ, ਪੰਜਾਬ ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ। ਇਸ ਸੈਸ਼ਨ ਦਾ ਮੁੱਖ ਮਕਸਦ ਬੇਅਦਬੀ ਨਾਲ ਸਬੰਧਤ ਬਿੱਲ ਪੇਸ਼ ਕਰਨਾ ਹੈ।
ਸਰਕਾਰ ਦਾ ਉਦੇਸ਼ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਨੂੰ ਹੋਰ ਸਖ਼ਤ ਬਣਾਉਣਾ ਹੈ, ਤਾਂ ਜੋ ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾ ਸਕਣ।
ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੁਆਰਾ ਟੈੱਟ ਬਾਰੇ ਲਏ ਗਏ ਫ਼ੈਸਲਿਆਂ ਵਿਰੁੱਧ ਪਟੀਸ਼ਨ ਪਾਉਣ ਲਈ ਅਤੇ ਟੈੱਟ ਬਾਰੇ ਮਤਾ ਵੀ ਮਾਨ ਸਰਕਾਰ ਸੈਸ਼ਨ ਦੌਰਾਨ ਲਿਆ ਸਕਦੀ ਹੈ। ਕਿਉਂਕਿ ਅਧਿਆਪਕਾਂ ਦਾ ਰੋਸ ਇਸ ਵੇਲੇ ਪੰਜਾਬ ਭਰ ਦੇ ਅੰਦਰ ਟੈੱਟ ਵਿਰੁੱਧ ਵੇਖਣ ਨੂੰ ਮਿਲ ਰਿਹਾ ਹੈ।
ਦੱਸਦੇ ਚੱਲੀਏ ਕਿ, 11 ਅਪ੍ਰੈਲ ਦੀ ਕੈਬਨਿਟ ਮੀਟਿੰਗ ਦੌਰਾਨ ਵਿਸ਼ੇਸ਼ ਸੈਸ਼ਨ ਵਿੱਚ ਲਿਆਂਦੇ ਜਾਣ ਵਾਲੇ ਮਤਿਆਂ ਅਤੇ ਬਿੱਲਾਂ ਦੇ ਖਰੜੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਸੂਬੇ ਦੇ ਹੋਰ ਭਖਦੇ ਮੁੱਦਿਆਂ ‘ਤੇ ਵੀ ਚਰਚਾ ਹੋ ਸਕਦੀ ਹੈ।
ਇਹ ਕਦਮ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਸਥਿਤੀ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਬੇਅਦਬੀ ਦਾ ਮੁੱਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਡੂੰਘਾ ਜੁੜਿਆ ਹੋਇਆ ਹੈ।






