ਵੱਡੀ ਖ਼ਬਰ: CM ਮਾਨ ਅਤੇ ਹੜਤਾਲੀ ਆੜ੍ਹਤੀਆਂ ਵਿਚਾਲੇ ਮੀਟਿੰਗ ਹੋਈ ਫਿਕਸ!

 

ਵੱਡੀ ਖ਼ਬਰ: CM ਮਾਨ ਅਤੇ ਹੜਤਾਲੀ ਆੜ੍ਹਤੀਆਂ ਵਿਚਾਲੇ ਮੀਟਿੰਗ ਹੋਈ ਫਿਕਸ!

CM ਮਾਨ ਦੇ ‘ਬਲੈਕਮੇਲਿੰਗ’ ਵਾਲੇ ਬਿਆਨ ਤੋਂ ਬਾਅਦ ਵੱਡਾ ਐਲਾਨ; 6 ਅਪ੍ਰੈਲ ਨੂੰ ਹੋਵੇਗੀ ਅਹਿਮ ਮੀਟਿੰਗ

ਮੋਗਾ/ਚੰਡੀਗੜ੍ਹ, 4 ਅਪ੍ਰੈਲ 2026: ਪੰਜਾਬ ਵਿੱਚ ਕਣਕ ਦੀ ਖਰੀਦ ਦੇ ਸੀਜ਼ਨ ਦਰਮਿਆਨ ਸਰਕਾਰ ਅਤੇ ਆੜਤੀਆਂ ਵਿਚਾਲੇ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ।

ਮੋਗਾ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆੜਤੀਆਂ ‘ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ, ਹੁਣ ਆੜਤੀ ਯੂਨੀਅਨ ਨੇ 6 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਆੜਤੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਜਾਂ ਵਿਰੋਧ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਈ ਵੱਡੇ ਐਲਾਨ ਕੀਤੇ। ਸੀਐਮ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੁਝ ਲੋਕ ਸਰਕਾਰ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਹੜੇ ਆੜਤੀ ਹੜਤਾਲ ‘ਤੇ ਨਹੀਂ ਜਾਣਗੇ ਅਤੇ ਸਰਕਾਰ ਦਾ ਸਾਥ ਦੇਣਗੇ, ਉਨ੍ਹਾਂ ਨੂੰ ਸੈਲਰਾਂ ਦੀ ਤਕਸੀਮ ਵਿੱਚ ਪਹਿਲ ਦਿੱਤੀ ਜਾਵੇਗੀ।

ਸਰਕਾਰ ਨੇ ਕਿਹਾ ਕਿ ਜੇਕਰ ਆੜਤੀਆਂ ਨੇ ਸਹਿਯੋਗ ਨਾ ਦਿੱਤਾ ਤਾਂ ਕੋਆਪਰੇਟਿਵ ਸੋਸਾਇਟੀਆਂ ਰਾਹੀਂ ਖਰੀਦ ਦਾ ਕੋਟਾ ਵਧਾ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹਨ ਅਤੇ ਖਰੀਦ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।

ਮੁੱਖ ਮੰਤਰੀ ਦੇ ਇਨ੍ਹਾਂ ਐਲਾਨਾਂ ਤੋਂ ਬਾਅਦ ਆੜਤੀ ਯੂਨੀਅਨ ਵਿੱਚ ਹਲਚਲ ਤੇਜ਼ ਹੋ ਗਈ ਹੈ। ਆਪਣੀਆਂ ਮੰਗਾਂ ਅਤੇ ਸਰਕਾਰ ਦੇ ਇਸ ਸਖ਼ਤ ਰਵੱਈਏ ‘ਤੇ ਚਰਚਾ ਕਰਨ ਲਈ ਹੜਤਾਲੀ ਆੜ੍ਹਤੀਆਂ ਮੁੱਖ ਮੰਤਰੀ ਭਗਵੰਤ ਮਾਨ 6 ਅਪ੍ਰੈਲ ਨੂੰ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਆੜਤੀ ਆਪਣੀ ਕਮੀਸ਼ਨ ਅਤੇ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ ਆਪਣਾ ਪੱਖ ਰੱਖਣਗੇ।

ਹੁਣ ਸਭ ਦੀਆਂ ਨਜ਼ਰਾਂ 6 ਅਪ੍ਰੈਲ ਦੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ। ਕੀ ਸਰਕਾਰ ਅਤੇ ਆੜਤੀਆਂ ਵਿਚਾਲੇ ਕੋਈ ਸਮਝੌਤਾ ਹੋਵੇਗਾ ਜਾਂ ਫਿਰ ਇਹ ਟਕਰਾਅ ਖਰੀਦ ਸੀਜ਼ਨ ਨੂੰ ਪ੍ਰਭਾਵਿਤ ਕਰੇਗਾ, ਇਹ ਦੇਖਣਾ ਅਹਿਮ ਹੋਵੇਗਾ।