ਵੱਡੀ ਖ਼ਬਰ: ਭਗਵੰਤ ਮਾਨ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਗ੍ਰਿਫ਼ਤਾਰ ਕੀਤੇ 1158 ਸਹਾਇਕ ਪ੍ਰੋਫੈਸਰ!

 

ਵੱਡੀ ਖ਼ਬਰ: ਭਗਵੰਤ ਮਾਨ ਦੀ ਜੈਤੋ ਰੈਲੀ ਤੋਂ ਪਹਿਲਾਂ ਪੁਲਿਸ ਨੇ ਚੁੱਕੇ 1158 ਸਹਾਇਕ ਪ੍ਰੋਫੈਸਰ

ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ਼ 1158 ਫਰੰਟ ਨੇ ਕਰਵਾਇਆ ਰਿਹਾਅ ਅਤੇ ਸੰਘਰਸ਼ ਹੋਰ ਤਿੱਖਾ ਕਰਨ ਦਾ ਕੀਤਾ ਐਲਾਨ!

ਪਰਮਜੀਤ ਢਾਬਾਂ

ਜਲਾਲਾਬਾਦ 5 ਅਪ੍ਰੈਲ 2026: ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਨੇ ਸਵੇਰੇ ਮੂੰਹ ਹਨੇਰੇ ਹੀ 4 ਵਜੇ ਦੇ ਕਰੀਬ 1158 ਭਰਤੀ ਅਧੀਨ ਨਿਯੁਕਤ ਹੋਏ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰੋਫ਼ੈਸਰਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਜ਼ਬਰੀ ਚੁੱਕ ਕੇ ਥਾਣੇ ਡੱਕ ਦਿੱਤਾ। ਇਸੇ ਤਰ੍ਹਾਂ ਪ੍ਰੋਫੈਸਰ ਸ਼ਮਸ਼ੇਰ ਗਿੱਲ ਨੂੰ ਉਹਨਾਂ ਦੇ ਘਰ ਹੀ ਪੁਲਿਸ ਪੈਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ।

ਗੌਰਤਲਬ ਹੈ ਕਿ ਕੱਲ੍ਹ ਜੈਤੋ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਚੁਣਾਵੀ ਰੈਲੀ ਕਰ ਰਹੇ ਸਨ। ਪੁਲਿਸ ਪ੍ਰਸ਼ਾਸਨ ਨੂੰ ਇਹ ਡਰ ਸੀ ਕਿ ਕਿਤੇ 1158 ਸਹਾਇਕ ਪ੍ਰੋਫ਼ੈਸਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਨਾ ਪਹੁੰਚ ਜਾਣ।

ਗ੍ਰਿਫ਼ਤਾਰ ਕੀਤੇ ਪ੍ਰੋਫ਼ੈਸਰ ਹਿਮਾਂਸ਼ੂ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਪੁਲਿਸ ਦੀ ਧਾੜ ਇਸ ਤਰ੍ਹਾਂ ਉਹਨਾਂ ਦੇ ਘਰ ਪਹੁੰਚੀ ਜਿਵੇਂ ਕਿ ਉਹ ਕੋਈ ਅਪਰਾਧੀ ਨੂੰ ਲੈਣ ਆਏ ਹੋਣ।

ਉਨਾਂ ਦੱਸਿਆ ਕਿ ਉਹਨਾਂ ਦੀ ਅੱਜ ਇੱਕ ਵਿਭਾਗੀ ਇਮਤਿਹਾਨ ਵਿੱਚ ਡਿਊਟੀ ਲੱਗੀ ਹੋਈ ਸੀ ਅਤੇ 1158 ਫ਼ਰੰਟ ਵੱਲੋਂ ਮੁੱਖ ਮੰਤਰੀ ਦੀ ਜੈਤੋ ਰੈਲੀ ਵਿੱਚ ਜਾਣ ਦਾ ਕੋਈ ਐਲਾਨੀਆ ਪ੍ਰੋਗਰਾਮ ਵੀ ਨਹੀਂ ਸੀ।

ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਚੁੱਕ ਕੇ ਥਾਣੇ ਜ਼ਬਰੀ ਬੰਦ ਕਰ ਦਿੱਤਾ ਅਤੇ ਉਹਨਾਂ ਦਾ ਮੋਬਾਈਲ ਫੋਨ ਵੀ ਲੈ ਲਿਆ ਅਤੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ।

ਗ੍ਰਿਫ਼ਤਾਰ ਕੀਤੇ ਇੱਕ ਹੋਰ ਪ੍ਰੋਫ਼ੈਸਰ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਸਵੇਰ ਸਾਰ ਉਹਨਾਂ ਨੂੰ ਘਰੋਂ ਬਿਨਾਂ ਕੋਈ ਕਾਰਨ ਦੱਸੇ ਜ਼ਬਰੀ ਥਾਣੇ ਚੁੱਕ ਕੇ ਲੈ ਗਈ ਜਿਸ ਕਰਕੇ ਉਹਨਾਂ ਦੇ ਘਰ ਪਰਿਵਾਰ ਵਿੱਚ ਚਿੰਤਾ ਦਾ ਆਲਮ ਬਣ ਗਿਆ।

ਇਸ ਤਰ੍ਹਾਂ ਪ੍ਰੋਫ਼ੈਸਰ ਸ਼ਮਸ਼ੇਰ ਗਿੱਲ ਜੋ ਕਿ ਕਾਲਜ ਤੋਂ ਦੂਰ ਇੱਕ ਪਿੰਡ ਵਿੱਚ ਰਹਿੰਦੇ ਹਨ ਉਹਨਾਂ ਨੂੰ ਵੀ ਸਵੇਰ ਸਾਰ ਕਰੇ ਹੀ ਪੁਲਿਸ ਪਹਿਰਾ ਬਿਠਾ ਕੇ ਨਜ਼ਰਬੰਦ ਕਰ ਲਿਆ ਗਿਆ।

ਇਸ ਦੀ ਖਬਰ ਜਦੋਂ 1158 ਫਰੰਟ ਦੇ ਬਾਕੀ ਸਾਥੀਆਂ ਨੂੰ ਲੱਗੀ ਤਾਂ ਉਹ ਭਰਾਤਰੀ ਅਤੇ ਵਿਦਿਆਰਥੀ ਜਥੇਬੰਦੀਆਂ ਸਮੇਤ ਥਾਣਾ ਸਿਟੀ ਫ਼ਰੀਦਕੋਟ ਪਹੁੰਚ ਗਏ।

ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਪ੍ਰੋਫ਼ੈਸਰਾਂ ਨੂੰ ਰਿਹਾ ਕਰਵਾਇਆ ਗਿਆ। ਮਗਰੋਂ ਜਥੇਬੰਦਕ ਆਗੂਆਂ ਨੇ ਸ਼ਮਸ਼ੇਰ ਗਿੱਲ ਦੇ ਘਰ ਤੋਂ ਪੁਲਿਸ ਪਹਿਰਾ ਲੋਕ ਰੋਹ ਦੇ ਜ਼ੋਰ ਤੇ ਖ਼ਤਮ ਕਰਵਾਇਆ।

ਇਸ ਮੌਕੇ 1158 ਫਰੰਟ ਤੋਂ ਪਹੁੰਚੇ ਡਾ. ਸਤਵੀਰ ਅਤੇ ਪ੍ਰੋਫ਼ੈਸਰ ਜਸਕਰਨ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਜ਼ੁਬਾਨਬੰਦੀ ਕਰਨ ਦੇ ਚਾਲੇ ਪਈ ਹੋਈ ਹੈ।

ਸਿੱਖਿਆ ਮੰਤਰੀ ਉਹਨਾਂ ਨਾਲ ਸੱਤ ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕਾ ਹੈ ਅਤੇ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਥਾਣੇ ਜੇਲਾਂ ਵਿੱਚ ਡੱਕ ਕੇ, ਸਰਕਾਰੀ ਕਾਲਜਾਂ ਦਾ ਉਜਾੜਾ ਕਰਕੇ ਪ੍ਰਾਈਵੇਟ ਕਾਲਜਾਂ ਯੂਨੀਵਰਸਿਟੀਆਂ ਦਾ ਪੱਖ ਪੂਰ ਰਿਹਾ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਤੋਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਗੜਿਆਂ ਦੀ ਮਾਰ ਨਾਲ਼ ਉਜੜ ਰਿਹਾ ਹੈ ਅਤੇ ਮੁੱਖ ਮੰਤਰੀ ਕਿੱਕਲੀਆਂ ਪਾ ਰਿਹਾ ਹੈ।

ਪੰਜਾਬ ਸਟੂਡੈਂਟ ਯੂਨੀਅਨ ਤੋਂ ਵਿਦਿਆਰਥੀਆਂ ਸਮੇਤ ਪਹੁੰਚੇ ਹਰਵੀਰ ਕੌਰ ਨੇ ਪੰਜਾਬ ਪੁਲਿਸ ਦੇ ਇਸ ਲੋਕ ਦੁਖੀ ਰਵੱਈਏ ਦੀ ਜੰਮ ਕੇ ਨਿਖੇਧੀ ਕੀਤੀ।

ਪ੍ਰੋਫ਼ੈਸਰਾਂ ਦੀ ਰਿਹਾਈ ਲਈ ਸਾਥੀਆਂ ਸਮੇਤ ਪਹੁੰਚੇ ਪ੍ਰੋਫ਼ੈਸਰ ਗੁਰਤੇਜ ਸਫ਼ਰ, ਸਾਹਿਲ, ਰਕਸ਼ਕ, ਗੁਰਲਾਲ ਸਿੰਘ ਅਤੇ ਡਾ ਸਤਨਾਮ ਨੇ ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ।