ਵੱਡੀ ਖ਼ਬਰ: Punjab Police ਵੱਲੋਂ ਮੌਜੂਦਾ ਸਰਪੰਚ ਹੈਰੋਇਨ ਸਮੇਤ ਗ੍ਰਿਫ਼ਤਾਰ
ਅੰਮ੍ਰਿਤਸਰ, 19 ਮਾਰਚ 2026: ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਹਿਤਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਨਾਕਾਬੰਦੀ ਦੌਰਾਨ ਇੱਕ ਮੌਜੂਦਾ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋ, 4 ਕਿਲੋਗ੍ਰਾਮ 300 ਗ੍ਰਾਮ ਹੈਰੋਇਨ (ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ), ਇੱਕ 30 ਬੋਰ ਦਾ ਨਾਜਾਇਜ਼ ਪਿਸਤੌਲ, 4 ਜ਼ਿੰਦਾ ਕਾਰਤੂਸ, ਇੱਕ ਸਕਾਰਪੀਓ ਕਾਰ ਬਰਾਮਦ ਹੋਈ ਹੈ, ਜਿਸ ਦੀ ਵਰਤੋਂ ਤਸਕਰੀ ਲਈ ਕੀਤੀ ਜਾ ਰਹੀ ਸੀ।
ਮਹਿਤਾ ਥਾਣੇ ਦੇ ਏ.ਐਸ.ਆਈ. ਪਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਸਕਾਰਪੀਓ ਗੱਡੀ ਵਿੱਚ ਬੁੱਟਰ ਕਲਾਂ ਤੋਂ ਕੱਥੂਨੰਗਲ ਵੱਲ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਹਨ। ਪੁਲਿਸ ਨੇ ਓਏਟੀ (OAT) ਸੈਂਟਰ ਦੇ ਨੇੜੇ ਨਾਕਾਬੰਦੀ ਕਰਕੇ ਗੱਡੀ ਨੂੰ ਰੋਕਿਆ ਅਤੇ ਤਲਾਸ਼ੀ ਲਈ, ਜਿਸ ਤੋਂ ਬਾਅਦ ਇਹ ਵੱਡੀ ਬਰਾਮਦਗੀ ਹੋਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ ਪਿੰਡ ਕੋਟ ਹਿਰਦੇਰਾਮ ਦਾ ਰਹਿਣ ਵਾਲਾ ਮੌਜੂਦਾ ਸਰਪੰਚ, ਸਿਮਰਪ੍ਰੀਤ ਸਿੰਘ ਪੱਤੀ ਸੁੰਹ (ਵੇਰਕਾ) ਦਾ ਨਿਵਾਸੀ, ਬਲਵੰਤ ਸਿੰਘ ਵੇਰਕਾ ਖੇਤਰ ਦਾ ਨਿਵਾਸੀ ਸ਼ਾਮਲ ਹਨ।
ਸਰਪੰਚ ਲਵਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਕਈ ਵੱਡੇ ਰਾਜਨੀਤਿਕ ਆਗੂਆਂ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਸਿਰਫ਼ ਤੱਥਾਂ ਦੇ ਆਧਾਰ ‘ਤੇ ਜਾਂਚ ਕਰ ਰਹੇ ਹਨ।
ਪੁਲਿਸ ਹੁਣ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਇਹ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੇ ਤਾਰ ਕਿਹੜੇ ਵੱਡੇ ਤਸਕਰਾਂ ਨਾਲ ਜੁੜੇ ਹੋਏ ਹਨ।






