ਵੱਡੀ ਖ਼ਬਰ: ਰਾਜਸਥਾਨ ਦੇਵੇ ਪੰਜਾਬ ਦਾ 1.44 ਲੱਖ ਕਰੋੜ ਰੁਪਏ ਪਾਣੀ ਦਾ ਬਕਾਇਆ- CM ਮਾਨ ਦਾ ਠੋਕਿਆ ਦਾਅਵਾ
ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਮੰਗੇਗਾ ਪੰਜਾਬ; 1.44 ਲੱਖ ਕਰੋੜ ਰੁਪਏ ਦੇ ਬਕਾਏ ਦਾ ਦਾਅਵਾ
ਚੰਡੀਗੜ੍ਹ, 18 March 2026:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਬਹੁਤ ਵੱਡਾ ਧਮਾਕਾ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਹੁਣ ਰਾਜਸਥਾਨ ਤੋਂ ਆਪਣੇ ਪਾਣੀ ਦੀ ਰਾਇਲਟੀ ਮੰਗੇਗੀ। ਉਨ੍ਹਾਂ ਮੁਤਾਬਕ ਰਾਜਸਥਾਨ ਵੱਲ ਪੰਜਾਬ ਦੇ ਪਾਣੀ ਦਾ ਲਗਭਗ 1.44 ਲੱਖ ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ।
ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ, ਸਾਲ 1920 ਵਿੱਚ ਹੋਏ ਸਮਝੌਤੇ ਮੁਤਾਬਕ ਰਾਜਸਥਾਨ ਪੰਜਾਬ ਨੂੰ ਪਾਣੀ ਦੇ ਬਦਲੇ ਪੈਸੇ (ਫੀਸ) ਦਿੰਦਾ ਰਿਹਾ ਸੀ। ਇਹ ਸਿਲਸਿਲਾ ਸਾਲ 1960 ਤੱਕ ਜਾਰੀ ਰਿਹਾ।
1960 ਤੋਂ ਬਾਅਦ ਰਾਜਸਥਾਨ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਮੁੱਖ ਮੰਤਰੀ ਅਨੁਸਾਰ, ਜੇਕਰ ਅੱਜ ਦੇ ਸਮੇਂ ਮੁਤਾਬਕ ਹਿਸਾਬ ਲਾਇਆ ਜਾਵੇ ਤਾਂ ਇਹ ਰਕਮ 1 ਲੱਖ 44 ਹਜ਼ਾਰ ਕਰੋੜ ਰੁਪਏ ਬਣਦੀ ਹੈ।
ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ ਜੇਕਰ ਰਾਜਸਥਾਨ ਪੁਰਾਣੇ ਐਗਰੀਮੈਂਟ ਨੂੰ ਨਹੀਂ ਮੰਨ ਰਿਹਾ, ਤਾਂ ਪਾਣੀ ਦੀ ਸਪਲਾਈ ਵੀ ਉਸੇ ਅਧਾਰ ‘ਤੇ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਹੱਕਾਂ ਦੀ ਰਾਖੀ ਲਈ ਇਹ ਮੰਗ ਜ਼ੋਰ-ਸ਼ੋਰ ਨਾਲ ਉਠਾਏਗਾ। CM ਮਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਐਸ.ਵਾਈ.ਐਲ (SYL) ਵਰਗੇ ਮੁੱਦਿਆਂ ‘ਤੇ ਪੰਜਾਬ ਤੋਂ ਪਾਣੀ ਮੰਗਿਆ ਜਾਂਦਾ ਹੈ, ਤਾਂ ਇਹ ਕਿਉਂ ਨਹੀਂ ਦੇਖਿਆ ਜਾਂਦਾ ਕਿ ਪੰਜਾਬ ਦਾ ਆਪਣਾ ਬਹੁਤ ਵੱਡਾ ਸਰਮਾਇਆ ਦੂਜੇ ਰਾਜਾਂ ਵੱਲ ਬਕਾਇਆ ਹੈ।
CM ਮਾਨ ਨੇ ਕਿਹਾ ਕਿ, ਪੰਜਾਬ ਸਰਕਾਰ ਇਸ ਮੁੱਦੇ ‘ਤੇ ਕੇਂਦਰ ਅਤੇ ਰਾਜਸਥਾਨ ਸਰਕਾਰ ਨਾਲ ਕਾਨੂੰਨੀ ਅਤੇ ਰਾਜਨੀਤਿਕ ਪੱਧਰ ‘ਤੇ ਗੱਲ ਕਰੇਗੀ।






