ਵੱਡੀ ਖ਼ਬਰ: ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ‘ਚ ਮਹਾਂਰੈਲੀ ਕਰਨ ਦਾ ਐਲਾਨ, ਫੂਕੀਆਂ ‘ਟੈੱਟ’ ਦੇ ਪੱਤਰ ਦੀਆਂ ਕਾਪੀਆਂ

 

ਵੱਡੀ ਖ਼ਬਰ: ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ‘ਚ ਮਹਾਂਰੈਲੀ ਕਰਨ ਦਾ ਐਲਾਨ, ਫੂਕੀਆਂ ‘ਟੈੱਟ’ ਦੇ ਪੱਤਰ ਦੀਆਂ ਕਾਪੀਆਂ\

ਫਾਜ਼ਿਲਕਾ ਦੇ ਸਮੂਹ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਟੈੱਟ ਦੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ

22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਹੋਵੇਗਾ

Punjab Network

ਫਾਜ਼ਿਲਕਾ 10 ਫਰਵਰੀ 2026- ਸਾਂਝਾ ਅਧਿਆਪਕ ਮੋਰਚਾ ਜਿਲਾ ਫਾਜ਼ਿਲਕਾ (ਪੰਜਾਬ) ਵਿੱਚ ਸ਼ਾਮਿਲ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂ ਜਿਵੇਂ ਕਿ ਸੁਰਿੰਦਰ ਕੰਬੋਜ, ਪਰਮਜੀਤ ਸ਼ੋਰੇ ਵਾਲਾ, ਦਪਿੰਦਰ ਢਿੱਲੋਂ, ਮਹਿੰਦਰ ਕੁਮਾਰ ਕੌੜਿਆਂਵਾਲੀ ਅਤੇ ਦਲਜੀਤ ਸੱਭਰਵਾਲ ਆਦਿ ਨੇ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ ਟੈਟ ਸਬੰਧੀ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਾੜੀਆਂ।

ਇਸ ਮੌਕੇ ਸਾਂਝਾ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਮਿਤੀ 07-02-2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਦੇ ਵਿਰੋਧ ਵਿੱਚ ਜਿਲ੍ਹਾ ਫਾਜਿਲਕਾ ਦੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਕਿਉਂਕਿ ਇਹ ਪੱਤਰ ਉਹਨਾਂ ਦੀਆਂ ਪ੍ਰਮੋਸ਼ਨਾਂ ਵਿੱਚ ਰੁਕਾਵਟ ਪੈਦਾ ਕਰਦਾ ਹੈ ਅਤੇ ਉਹਨਾਂ ਦੀ ਸਰਕਾਰੀ ਸੇਵਾ ਪ੍ਰਤੀ ਸੇਵਾ ਸੁਰੱਖਿਅਤ ਨਹੀਂ ਹੈ।

ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਨਾਂ ‘ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ। ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡੱਟਵਾਂ ਵਿਰੋਧ ਕਰਨਗੇ।

ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ ‘ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।

ਅੱਜ ਦੇ ਇਸ ਐਕਸ਼ਨ ਵਿੱਚ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਰੇਸ਼ਮ ਸਿੰਘ ਅਬੋਹਰ, ਰਕੇਸ਼ ਸਿੰਘ, ਨਿਸ਼ਾਂਤ ਅੱਗਰਵਾਲ, ਅਮਨਦੀਪ ਸਿੰਘ, ਅਸ਼ੋਕ ਕੁਮਾਰ, ਗੁਰਵਿੰਦਰ ਸਿੰਘ, ਰਾਜਕੁਮਾਰ ਮਾਹਮੂਜੋਈਆ, ਤਿਲਕਰਾਜ, ਸੁਨੀਲ ਕੁਮਾਰ, ਨੋਰੰਗ ਲਾਲ, ਰਾਜੀਵ ਕੁਮਾਰ, ਕ੍ਰਾਂਤੀ ਕੁਮਾਰ, ਰਾਜੇਸ਼ ਕੁਮਾਰ ਜੁਲਾਹਾ, ਜਸਵਿੰਦਰ ਸਿੰਘ, ਰਾਧਾ ਕ੍ਰਿਸ਼ਨ, ਪ੍ਰੇਮ ਚੰਦ, ਕ੍ਰਿਸ਼ਨ ਕੁਮਾਰ, ਰਾਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਸ਼ਾਮਿਲ ਸਨ।