ਵੱਡੀ ਖ਼ਬਰ: ਸਿੱਖਿਆ ਮੰਤਰੀ ਬੈਂਸ ਦੀ ‘ਵਾਅਦਾ ਖ਼ਿਲਾਫ਼ੀ’ ਵਿਰੁੱਧ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ; 2 ਮਾਰਚ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
ਅੰਮ੍ਰਿਤਸਰ, 28 ਫਰਵਰੀ 2026
ਪੰਜਾਬ ਵਿੱਚ ਅਧਿਆਪਕਾਂ ਅਤੇ ਸਰਕਾਰ ਵਿਚਾਲੇ ‘TET’ (ਅਧਿਆਪਕ ਯੋਗਤਾ ਪ੍ਰੀਖਿਆ) ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਭਖ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਵਿਸ਼ਾਲ ਰੈਲੀ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੀਟਿੰਗ ਤੋਂ ਮੁਕਰ ਜਾਣ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਸਿੱਖਿਆ ਮੰਤਰੀ ‘ਤੇ ਲੱਗੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ
ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਨੇ 27 ਫਰਵਰੀ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ, ਪਰ ਉਹ ਆਪਣੀ ਗੱਲ ਤੋਂ ਪਿੱਛੇ ਹਟ ਗਏ ਹਨ। ਸਰਕਾਰ ਵੱਲੋਂ ਪ੍ਰੋਮੋਟ ਹੋਣ ਵਾਲੇ ਅਧਿਆਪਕਾਂ ‘ਤੇ ਜ਼ਬਰਦਸਤੀ TET ਦਾ ਟੈਸਟ ਥੋਪਿਆ ਜਾ ਰਿਹਾ ਹੈ, ਜਿਸ ਦਾ ਅਧਿਆਪਕ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰ ਰਹੀਆਂ ਹਨ।
ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਈ.ਟੀ.ਓ. ਦੇ ਘਰ ਅੱਗੇ ਲੱਗੇਗਾ ਧਰਨਾ
ਜ਼ਿਲ੍ਹਾ ਅੰਮ੍ਰਿਤਸਰ ਦੀਆਂ ਸਮੂਹ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ 2 ਮਾਰਚ ਨੂੰ ਸਕੂਲ ਸਮੇਂ ਤੋਂ ਬਾਅਦ ਸ਼ਾਮ 3:30 ਵਜੇ ਨਿਊ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਨਿਵਾਸ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸੰਘਰਸ਼ ਦੀ ਅਗਵਾਈ GTU ਤੋਂ ਸੁੱਚਾ ਸਿੰਘ ਟਰਪਈ, DTF ਤੋਂ ਅਸ਼ਵਨੀ ਅਵਸਥੀ, GSTU ਤੋਂ ਬਲਜਿੰਦਰ ਸਿੰਘ ਵਡਾਲੀ, ਬੀ.ਐੱਡ. ਫ਼ਰੰਟ ਤੋਂ ਸੰਤਸੇਵਕ ਸਿੰਘ ਸਰਕਾਰੀਆ, SC/BC ਅਧਿਆਪਕ ਯੂਨੀਅਨ ਤੋਂ ਅਵਤਾਰ ਸਿੰਘ, ETU ਤੋਂ ਪ੍ਰਸ਼ਾਂਤ ਰਈਆ ਅਤੇ ਲੈਬਾਰਟਰੀ ਸਟਾਫ਼ ਯੂਨੀਅਨ ਤੋਂ ਦਲਬੀਰ ਸਿੰਘ ਕਰ ਰਹੇ ਹਨ।
ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਨੌਕਰੀਆਂ ਬਚਾਉਣ ਅਤੇ ਨਿੱਤ-ਨਿੱਤ ਦੇ ਟੈਸਟਾਂ ਦੇ ਬੋਝ ਤੋਂ ਮੁਕਤੀ ਪਾਉਣ ਲਈ 2 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣਾ ਰੋਸ ਦਰਜ ਕਰਵਾਉਣ।






