ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ

 

ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ

ਗੁਰਦਾਸਪੁਰ ਦੇ ਮਾਸੂਮ ਬੱਚੇ ਦੀ ਮੌਤ ‘ਤੇ ਵਿਧਾਇਕ ਨੇ ਸਰਕਾਰ ਨੂੰ ਘੇਰਿਆ

ਸਰਕਾਰ ਨੇ ਦਾਅਵਾ ਕੀਤਾ- “ਲੁਧਿਆਣਾ ‘ਚ ਬਣੀ ਪਹਿਲੀ ਡੌਗ ਸੈਂਚੁਰੀ (Dog Sanctuary), ਨਿਯਮਾਂ ਅਨੁਸਾਰ ਕੁੱਤਿਆਂ ਨੂੰ ਕੀਤਾ ਜਾ ਰਿਹਾ ਹੈ ਸ਼ਿਫਟ”

ਚੰਡੀਗੜ੍ਹ 10 ਮਾਰਚ 2026:

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਅਵਾਰਾ ਕੁੱਤਿਆਂ ਦੇ ਵਧਦੇ ਹਮਲਿਆਂ ਅਤੇ ਇਸ ਕਾਰਨ ਹੋ ਰਹੀਆਂ ਮੌਤਾਂ ਦਾ ਮੁੱਦਾ ਭਾਰੀ ਗਰਮਾ ਗਿਆ। ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਗੁਰਦਾਸਪੁਰ ਦੇ ਪਿੰਡ ਧਾਲੀਵਾਲ ਵਿੱਚ ਵਾਪਰੀ ਦਿਲ-ਕੰਬਾਊ ਘਟਨਾ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ।

ਵਿਧਾਇਕ ਡਾ. ਨਛੱਤਰ ਪਾਲ ਨੇ ਸਦਨ ਵਿੱਚ ਦੱਸਿਆ ਕਿ 5 ਮਾਰਚ 2026 ਨੂੰ ਗੁਰਦਾਸਪੁਰ ਦੇ ਧਾਲੀਵਾਲ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਢਾਈ ਸਾਲ ਦੇ ਮਾਸੂਮ ਬੱਚੇ ਇਸਮਾਈਲ ਨੂੰ ਨੋਚ-ਨੋਚ ਕੇ ਮਾਰ ਦਿੱਤਾ।

ਉਨ੍ਹਾਂ ਕਿਹਾ ਕਿ ਸਰਕਾਰ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਦੇ ਦਾਅਵੇ ਤਾਂ ਕਰਦੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਬਜ਼ੁਰਗਾਂ ਅਤੇ ਬੱਚਿਆਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪੀੜਤ ਗਰੀਬ ਪਰਿਵਾਰ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਸਬੰਧਤ ਮੰਤਰੀ ਇਸ ‘ਤੇ ਵਿਸਥਾਰਪੂਰਵਕ ਜਵਾਬ ਦੇਣ।

ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦਾ ਜਵਾਬ

ਵਿਧਾਇਕ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਰਕਾਰ ਇਸ ਮੁੱਦੇ ‘ਤੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਕਈ ਅਹਿਮ ਕਦਮ ਚੁੱਕੇ ਗਏ ਹਨ। ਲੁਧਿਆਣਾ ਵਿਖੇ ਸੂਬੇ ਦੀ ਪਹਿਲੀ ‘ਡੌਗ ਸੈਂਚੁਰੀ’ ਬਣ ਕੇ ਤਿਆਰ ਹੈ ਅਤੇ ਚਾਲੂ ਹੋ ਚੁੱਕੀ ਹੈ, ਜਿੱਥੇ ਹੁਣ ਤੱਕ 150 ਦੇ ਕਰੀਬ ਕੁੱਤੇ ਸ਼ਿਫਟ ਕੀਤੇ ਗਏ ਹਨ।

ਸਾਰੀਆਂ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸ਼ਹਿਰਾਂ ਵਿੱਚੋਂ ਕੁੱਤੇ ਫੜ ਕੇ ਸੈਂਚੁਰੀ ਵਿੱਚ ਭੇਜਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਨਿਰਧਾਰਿਤ ਨਿਯਮਾਂ ਅਨੁਸਾਰ ਹੀ ਕੁੱਤਿਆਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।