ਸਲੂਨ ਬੰਦ ਕਰਵਾਉਣ ਆਏ ਨਿਹੰਗਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ
ਗੁਰਸਿੱਖ ਵੱਲੋਂ ਹੇਅਰ ਕਟਿੰਗ ਕਰਨ ‘ਤੇ ਭੜਕੇ ਸੀ ਨਿਹੰਗ
ਸਲੂਨ ਮਾਲਕ ਦੀ ਕੁੱਟਮਾਰ ਮਗਰੋਂ ਪਿੰਡ ਵਾਲਿਆਂ ਨੇ ਇੱਕ ਨਿਹੰਗ ਨੂੰ ਦਬੋਚਿਆ
ਸੰਗਰੂਰ 19 ਫਰਵਰੀ 2026:
ਸੰਗਰੂਰ ਦੇ ਨੇੜਲੇ ਪਿੰਡ ਭੱਟੀਵਾਲ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਇੱਕ ਸਲੂਨ (ਵਾਲ ਕੱਟਣ ਵਾਲੀ ਦੁਕਾਨ) ਨੂੰ ਬੰਦ ਕਰਵਾਉਣ ਪਹੁੰਚੀ ਨਿਹੰਗਾਂ ਦੀ ਟੋਲੀ ਅਤੇ ਪਿੰਡ ਵਾਸੀਆਂ ਵਿਚਾਲੇ ਜ਼ਬਰਦਸਤ ਟਕਰਾਅ ਹੋ ਗਿਆ।
ਇਸ ਦੌਰਾਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਨਿਹੰਗ ਸਿੰਘਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਗੁਰਸਿੱਖ ਵਿਅਕਤੀ ਵੱਲੋਂ ਸਲੂਨ ਚਲਾਇਆ ਜਾ ਰਿਹਾ ਸੀ ਅਤੇ ਵਾਲ ਕੱਟਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਗੱਲ ਤੋਂ ਨਿਹੰਗ ਸਿੰਘ ਨਾਰਾਜ਼ ਸਨ। ਨਿਹੰਗਾਂ ਦੀ ਇੱਕ ਟੋਲੀ ਅੱਜ ਉਕਤ ਦੁਕਾਨ ਨੂੰ ਜ਼ਬਰਦਸਤੀ ਬੰਦ ਕਰਵਾਉਣ ਲਈ ਪਹੁੰਚੀ ਸੀ।
ਦੁਕਾਨ ਬੰਦ ਕਰਵਾਉਣ ਆਏ ਨਿਹੰਗਾਂ ਨੇ ਪਹਿਲਾਂ ਸਲੂਨ ਮਾਲਕ ਨਾਲ ਬਹਿਸਬਾਜ਼ੀ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਨਿਹੰਗਾਂ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਮਾਹੌਲ ਇੰਨਾ ਵਿਗੜ ਗਿਆ ਕਿ ਪਿੰਡ ਵਾਸੀਆਂ ਨੇ ਨਿਹੰਗਾਂ ਨੂੰ ਘੇਰ ਲਿਆ। ਪਿੰਡ ਵਾਲਿਆਂ ਨੇ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਬਾਕੀ ਨਿਹੰਗ ਸਿੰਘ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਰਹੇ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ। ਪੁਲਿਸ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਿੱਚ ਅਜੇ ਵੀ ਤਣਾਅਪੂਰਨ ਸ਼ਾਂਤੀ ਬਣੀ ਹੋਈ ਹੈ।






