ਵੱਡੀ ਖ਼ਬਰ: ਕੀ ਰਾਘਵ ਚੱਢਾ ਹੋਣਗੇ ਭਾਜਪਾ ‘ਚ ਸ਼ਾਮਲ? ਇਸ ਲੀਡਰ ਨੇ ਕੀਤਾ ਨਵਾਂ ਦਾਅਵਾ

 

ਕੀ ਰਾਘਵ ਚੱਢਾ ਹੋਣਗੇ ਭਾਜਪਾ ‘ਚ ਸ਼ਾਮਲ?

ਨਵੀਂ ਦਿੱਲੀ, 5 ਅਪ੍ਰੈਲ 2026

ਇਸ ਵੇਲੇ ਰਾਜਨੀਤਿਕ ਹਲਕਿਆਂ ਵਿੱਚ ਇਹ ਅਟਕਲਾਂ ਜ਼ੋਰਾਂ ‘ਤੇ ਹਨ ਕਿ ਰਾਘਵ ਚੱਢਾ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਜਾ ਰਹੇ ਹਨ।

AAP ਲੀਡਰ ਸੰਜੇ ਸਿੰਘ ਤੋਂ ਬਾਅਦ, ਸੌਰਭ ਭਾਰਦਵਾਜ ਨੇ ਹੁਣ ਇਨ੍ਹਾਂ ਅਫਵਾਹਾਂ ਬਾਰੇ ਇੱਕ ਮਹੱਤਵਪੂਰਨ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਘਵ ਚੱਢਾ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਸੌਰਭ ਨੇ ਆਪਣੇ ਐਕਸ ਹੈਂਡਲ ‘ਤੇ ਇੱਕ ਪੋਸਟ ਵਿੱਚ ਇਹ ਵੇਰਵੇ ਸਾਂਝੇ ਕੀਤੇ ਹਨ। ਸੌਰਵ ਨੇ ਕਿਹਾ ਕਿ, ਰਾਘਵ ਚੱਢਾ ਨੇ X ‘ਤੇ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਮਿਟਾ ਦਿੱਤਾ ਹੈ, ਜੋ ਮੋਦੀ ਜਾਂ ਭਾਜਪਾ ਦੀ ਆਲੋਚਨਾ ਕਰਦੀਆਂ ਸਨ।

ਐਕਸ ਉੱਤੇ ਰਾਘਵ ਦੀ ਕੋਈ ਆਲੋਚਨਾਤਮਕ ਪੋਸਟ ਨਹੀਂ ਹੈ। ਇਸਦਾ ਮਤਲਬ ਹੈ ਕਿ ਉਸਨੇ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਵੀ ਮਿਟਾ ਦਿੱਤਾ ਹੈ। “ਮੋਦੀ” ਸ਼ਬਦ ਵਾਲੀਆਂ ਸਿਰਫ਼ 2 ਪੋਸਟਾਂ ਹਨ, ਜੋ ਕਿ ਮੋਦੀ ਦੀ ਪ੍ਰਸ਼ੰਸਾ ਕਰਨ ਬਾਰੇ ਹਨ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰਾਘਵ ਚੱਢਾ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਇਸ ਸਾਰੇ ਕਲੇਸ ਵਿਚਾਲੇ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਖੁਦ ਤਿੰਨ ਵੀਡੀਓ ਪੋਸਟ ਕਰਕੇ ‘ਆਪ’ ‘ਤੇ ਨਿਸ਼ਾਨਾ ਸਾਧ ਚੁੱਕੇ ਹਨ।

ਆਮ ਆਦਮੀ ਪਾਰਟੀ ਝੂਠਾਂ ਦੀ ਫੈਕਟਰੀ – ਰਾਘਵ ਚੱਢਾ

ਦੂਜੇ ਪਾਸੇ, MP ਰਾਘਵ ਚੱਢਾ ਨੇ ਬੀਤੇ ਕੱਲ੍ਹ ਇੱਕ ਨਵੀਂ ਵੀਡੀਓ ਜਾਰੀ ਕਰਕੇ ਆਪਣੀ ਹੀ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ।

ਰਾਘਵ ਚੱਢਾ ਨੇ ਕਿਹਾ, “ਕੱਲ੍ਹ ਤੋਂ ਮੇਰੇ ਖ਼ਿਲਾਫ਼ ਇੱਕ ਸਕ੍ਰਿਪਟਿਡ ਮੁਹਿੰਮ ਚਲਾਈ ਜਾ ਰਹੀ ਹੈ। ਇੱਕੋ ਜਿਹੀ ਭਾਸ਼ਾ, ਇੱਕੋ ਜਿਹੇ ਦੋਸ਼- ਇਹ ਸਭ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।”

ਰਾਘਵ ਚੱਢਾ ਨੇ ਬੀਤੇ ਕੱਲ੍ਹ ਜਾਰੀ ਕੀਤੇ ਵੀਡੀਓ ਵਿੱਚ ਸਪੱਸ਼ਟ ਕੀਤਾ ਕਿ ‘ਆਪ’ ਨੇ ਉਨ੍ਹਾਂ ‘ਤੇ ਤਿੰਨ ਮੁੱਖ ਦੋਸ਼ ਲਗਾਏ ਹਨ ਅਤੇ ਇਨ੍ਹਾਂ ਕਾਰਨ ਹੀ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਤੋਂ ਰੋਕਿਆ ਗਿਆ।

ਉਨ੍ਹਾਂ ਕਿਹਾ, “ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਪਰ ਜੇਕਰ ਮੈਂ ਚੁੱਪ ਰਹਿੰਦਾ ਤਾਂ ਬਾਰ-ਬਾਰ ਦੁਹਰਾਇਆ ਜਾ ਰਿਹਾ ਝੂਠ ਵੀ ਸੱਚ ਲੱਗਣ ਲੱਗ ਜਾਣਾ ਸੀ।”

ਪਾਰਟੀ ਵੱਲੋਂ ਲਗਾਏ ਗਏ ਉਸ ਦੋਸ਼ ‘ਤੇ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦੌਰਾਨ ਸਦਨ ਵਿੱਚ ਹੀ ਬੈਠੇ ਰਹਿੰਦੇ ਹਨ, ਰਾਘਵ ਨੇ ਕਿਹਾ- “ਇਹ ਸਰਾਸਰ ਝੂਠ ਹੈ ਕਿ ਮੈਂ ਵਾਕਆਊਟ ਵਿੱਚ ਸਾਥ ਨਹੀਂ ਦਿੰਦਾ।”

ਉਨ੍ਹਾਂ ਨੇ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹਾ ਇੱਕ ਵੀ ਮੌਕਾ ਦੱਸ ਦੇਣ ਜਦੋਂ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਹੋਵੇ ਅਤੇ ਉਨ੍ਹਾਂ ਨੇ ਸਾਥ ਨਾ ਦਿੱਤਾ ਹੋਵੇ।

ਰਾਘਵ ਨੇ ਅੱਗੇ ਕਿਹਾ ਕਿ, ਪਾਰਲੀਮੈਂਟ ਵਿੱਚ ਹਰ ਜਗ੍ਹਾ ਸੀਸੀਟੀਵੀ (CCTV) ਕੈਮਰੇ ਲੱਗੇ ਹੋਏ ਹਨ। ਪਾਰਟੀ ਫੁਟੇਜ ਕੱਢ ਕੇ ਦਿਖਾ ਦੇਵੇ ਕਿ ਉਨ੍ਹਾਂ ਨੇ ਕਦੋਂ ਵਿਰੋਧੀ ਧਿਰ ਦਾ ਸਾਥ ਨਹੀਂ ਦਿੱਤਾ।

ਰਾਘਵ ਚੱਢਾ ਦਾ ਇਹ ਖੁੱਲ੍ਹ ਕੇ ਸਾਹਮਣੇ ਆਉਣਾ ਆਮ ਆਦਮੀ ਪਾਰਟੀ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।

ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਰਾਘਵ ਚੱਢਾ ਅਤੇ ਪਾਰਟੀ ਹਾਈਕਮਾਂਡ ਵਿਚਾਲੇ ਦੂਰੀਆਂ ਹੁਣ ਕਾਫ਼ੀ ਵੱਧ ਚੁੱਕੀਆਂ ਹਨ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਸਿਆਸਤ ‘ਤੇ ਸਾਫ਼ ਦਿਖਾਈ ਦੇਵੇਗਾ।