ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ; 15 ਅਪ੍ਰੈਲ ਤੱਕ ਹੋਣਗੀਆਂ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ
ਚੰਡੀਗੜ੍ਹ, 7 ਅਪ੍ਰੈਲ 2026:
ਸਿੱਖਿਆ ਵਿਭਾਗ ਪੰਜਾਬ (ਸੈਕੰਡਰੀ) ਦੇ ਡਾਇਰੈਕਟਰ ਕੇਸ਼ਵ ਗੋਇਲ ਅਤੇ ਮਨਿਸਟ੍ਰੀਅਲ ਸਟਾਫ਼ ਯੂਨੀਅਨ ਦੇ ਵਫ਼ਦ ਵਿਚਾਲੇ ਹੋਈ ਬੈਠਕ ਵਿੱਚ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ‘ਤੇ ਸਹਿਮਤੀ ਬਣੀ ਹੈ। ਇਸ ਬੈਠਕ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਕੀਤੀ।
25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕਾਂ, ਜਿਨ੍ਹਾਂ ਦਾ ਟਾਈਪ ਟੈਸਟ ਕਲੀਅਰ ਨਹੀਂ ਸੀ, ਉਨ੍ਹਾਂ ਨੂੰ ਕਲਾਸ-4 ਵਿੱਚ ਡਿਮੋਟ (Demote) ਨਹੀਂ ਕੀਤਾ ਜਾਵੇਗਾ।
ਡੀਪੀਆਈ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੇਪਰ ਪਾਸ ਕਰਨ ਲਈ ਹੋਰ ਸਮਾਂ ਦਿੱਤਾ ਜਾਵੇਗਾ। ਵਿਭਾਗ ਨੇ ਐਲਾਨ ਕੀਤਾ ਹੈ ਕਿ 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।
ਰਜਿਸਟਰਾਰ ਬਲਜਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਕਈ ਮੁਲਾਜ਼ਮਾਂ ਵੱਲੋਂ ACR (ਸਾਲਾਨਾ ਗੁਪਤ ਰਿਪੋਰਟਾਂ) ਨਾ ਦਿੱਤੇ ਜਾਣ ਕਾਰਨ ਤਰੱਕੀਆਂ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਤਰੱਕੀ ਦੇ ਚਾਹਵਾਨ ਮੁਲਾਜ਼ਮ ਜਲਦ ਦਸਤਾਵੇਜ਼ ਪੂਰੇ ਕਰਨ।
ਨਾਨ-ਟੀਚਿੰਗ ਟੈੱਟ ਸਬੰਧੀ ਵੀ ਜਲਦੀ ਹੀ ਮੁਲਾਜ਼ਮ ਪੱਖੀ ਫੈਸਲਾ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਪਰਡੈਂਟਾਂ ਦੀਆਂ ਖਾਲੀ ਪਈਆਂ ਅਸਾਮੀਆਂ ‘ਤੇ ਵੀ ਜਲਦ ਤਰੱਕੀਆਂ ਕੀਤੀਆਂ ਜਾਣਗੀਆਂ।
ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਇਸ ਬੈਠਕ ਵਿੱਚ ਕਲਰਕਾਂ ਦੀ ਨਿੱਜੀ ਸੁਣਵਾਈ ਦੌਰਾਨ ਉਨ੍ਹਾਂ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਗਿਆ। ਡੀਪੀਆਈ ਦੇ ਹਾਂ-ਪੱਖੀ ਹੁੰਗਾਰੇ ਨਾਲ ਉਨ੍ਹਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਡਿਮੋਟ ਹੋਣ ਦੇ ਡਰ ਹੇਠ ਸਨ।
ਇਸ ਮੌਕੇ ਅਮਨਇੰਦਰ ਸਿੰਘ ਘੁਡਾਣੀ, ਸਤਨਾਮ ਸਿੰਘ ਚੀਮਾ, ਉਪਿੰਦਰ ਸਿੰਘ, ਸਤਨਾਮ ਸਿੰਘ, ਦੀਪਕ ਕੁਮਾਰ, ਸਖਦੀਪ ਸਿੰਘ ਤਰਨਤਾਰਨ ਸਮੇਤ ਹੋਰ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਿਭਾਗ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਡੀਪੀਆਈ ਕੇਸ਼ਵ ਗੋਇਲ ਨੇ ਵਫ਼ਦ ਨੂੰ ਇਹ ਵੀ ਭਰੋਸਾ ਦਿੱਤਾ ਕਿ 15 ਅਪ੍ਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮਗਰੋਂ ਨਾਨ-ਟੀਚਿੰਗ ਟੈੱਟ ਸਬੰਧੀ ਵੀ ਗੱਲਬਾਤ ਕੀਤੀ ਗਈ।
ਇਸ ਮਾਮਲੇ ਵਿਚ ਉਨ੍ਹਾਂ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਮੁਲਾਜ਼ਮ ਪੱਖੀ ਫ਼ੈਸਲਾ ਲਿਆ ਜਾਵੇਗਾ।
ਇੰਜ ਹੀ ਸੁਪਰਡੈਂਟ ਦੀਆਂ ਤਰੱਕੀਆਂ ਬਾਰੇ ਵੀ ਚਰਚਾ ਕਰਿਦਆਂ ਅਧਿਕਾਰੀ ਨੇ ਦੱਸਿਆ ਕਿ ਸੁਪਰਡੈਂਟ ਦੀਆਂ ਤਰੱਕੀਆਂ ਵੀ ਬਹੁਤ ਛੇਤੀ ਕੀਤੀਆਂ ਜਾਣਗੀਆਂ।






