ਵੱਡਾ ਖੁਲਾਸਾ: ਪੰਜਾਬ ‘ਚ ਆਪਰੇਸ਼ਨ ਲੋਟਸ ਫੇਲ੍ਹ! CM ਸੈਣੀ ਨੇ ਮੈਨੂੰ 2027 ਲਈ ਦਿੱਤੀ ਟਿਕਟ ਦੀ ਆਫਰ- AAP ਵਿਧਾਇਕਾ ਨਰਿੰਦਰ ਭਰਾਜ
‘ਆਪ’ ਦੇ ਵਿਧਾਇਕ ਵਿਕਾਊ ਨਹੀਂ, ਭਾਜਪਾ ਆਪਣਾ ਵਹਿਮ ਦੂਰ ਕਰੇ; ਬਲਤੇਜ ਪੰਨੂ ਨੇ ਵੀ ਸਾਧਿਆ ਨਿਸ਼ਾਨਾ
ਚੰਡੀਗੜ੍ਹ/ਸੰਗਰੂਰ 12 ਫਰਵਰੀ 2026: ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸੰਗਰੂਰ ਤੋਂ ਲੜਨ ਲਈ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ।
ਭਰਾਜ ਨੇ ਦਾਅਵਾ ਕੀਤਾ ਕਿ “ਮੈਨੂੰ ਭਾਜਪਾ ਵੱਲੋਂ ਟਿਕਟ ਦੀ ਆਫਰ ਦਿੱਤੀ ਗਈ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਵਿਕਾਊ ਨਹੀਂ ਹਨ।” ਬੀਜੇਪੀ ਇਹ ਵਹਿਮ ਨਾ ਪਾਲੇ ਕਿ ਉਹ ਸਾਡੇ ਲੀਡਰਾਂ ਨੂੰ ਖਰੀਦ ਸਕਦੀ ਹੈ। ਅਸੀਂ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਲੋਕ ਹਾਂ।”
ਪੰਜਾਬ ‘ਆਪ’ ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਮਾਮਲੇ ‘ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ ‘ਖਰੀਦੋ-ਫ਼ਰੋਖਤ ਵਾਲਾ ਫੀਤਾ’ ਕਿਤੇ ਹੋਰ ਲਗਾਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿੱਚ ‘ਆਪਰੇਸ਼ਨ ਲੋਟਸ’ ਕਦੇ ਸਫਲ ਨਹੀਂ ਹੋਵੇਗਾ।
ਭਾਜਪਾ ਆਗੂ ਵਰਿੰਦਰ ਚੌਹਾਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਹਰਿਆਣਾ ਭਾਜਪਾ ਦੇ ਆਗੂ ਵਰਿੰਦਰ ਚੌਹਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ‘ਆਪ’ ‘ਤੇ ਫਰਜ਼ੀ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ।
ਚੌਹਾਨ ਨੇ ਕਿਹਾ ਕਿ ਭਾਜਪਾ ਇੱਕ ਵਿਚਾਰਧਾਰਾ ਵਾਲੀ ਪਾਰਟੀ ਹੈ। ਜਿਹੜਾ ਵੀ ਨੇਤਾ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਕੋਲ ਆਪਣੇ ਦਾਅਵਿਆਂ ਦਾ ਕੋਈ ਸਬੂਤ ਨਹੀਂ ਹੈ। ਦਿੱਲੀ ਵਾਂਗ ਪੰਜਾਬ ਵਿੱਚ ਵੀ ਇਹ ਫਰਜ਼ੀ ਗੱਲਾਂ ਫੈਲਾਈਆਂ ਜਾ ਰਹੀਆਂ ਹਨ।






