ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਠੇਕਾ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਅਤੇ ਬੇਰੁਜ਼ਗਾਰ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ

269

ਪੰਜਾਬ ਨੈੱਟਵਰਕ, ਚੰਡੀਗੜ੍ਹ-

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵਲੋਂ ਅੱਜ ਇੱਥੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ, ਠੇਕਾ ਭਰਤੀ ਟੀਚਰ ਯੂਨੀਅਨ ਅਤੇ ਪੀਆਰਟੀਸੀ ਠੇਕਾ ਕਾਮਿਆਂ ਦੇ ਚੱਲ ਰਹੇ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫ਼ੈਸਲੇ ਤਹਿਤ ਜਲ ਸਪਲਾਈ ਕਾਮਿਆਂ ਦੇ ਸੰਗਰੂਰ ਧਰਨੇ ਵਿੱਚ ਸੰਕੇਤਕ ਸ਼ਮੂਲੀਅਤ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਗੂਆਂ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇੱਕ ਪਾਸੇ ਤਾਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਨ੍ਹਾਂ ਮੁਲਾਜਮਾਂ ਦੇ ਕੱਚੇ ਰੁਜ਼ਗਾਰ ਵੀ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸੰਗਰੂਰ ਵਿਖੇ ਸ਼ਾਂਤਮਈ ਧਰਨੇ ‘ਤੇ ਬੈਠੇ ਕੱਚੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਪੁਲਿਸ ਵੱਲੋਂ ਧਰਨਾਕਾਰੀ ਮਰਦ ਔਰਤਾਂ ਸਮੇਤ ਬੱਚਿਆਂ ਦੀ ਬੇਕਿਰਕ ਖਿੱਚ ਧੂਹ ਕਰਨ, ਕੱਪੜੇ ਪਾੜਨ ਅਤੇ ਗ੍ਰਿਫ਼ਤਾਰੀਆਂ ਕਰਨ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਜਾਬਰ ਕਾਰਵਾਈ ਸਮੇਂ ਦੋ ਅਧਿਆਪਕਾਂਵਾਂ ਦੇ ਬੇਹੋਸ਼ ਹੋਣ ਦੀ ਮੰਦਭਾਗੀ ਖ਼ਬਰ ਵੀ ਨਸ਼ਰ ਹੋਈ ਹੈ। ਇਸ ਮੌਕੇ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਾਜ਼ਮਾਂ ਨੂੰ ਰਿਹਾਅ ਕਰਨ ਅਤੇ ਇਸ ਅਣਮਨੁੱਖੀ ਕਾਰੇ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਅਤੇ ਅਰਧ-ਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਇਹ ਨੌਜਵਾਨ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਗਰੀਬ ਕਿਰਤੀ ਪ੍ਰਵਾਰਾਂ ਦੇ ਹੀ ਜੰਮਪਲ਼ ਹਨ। ਜਿਹੜੇ ਕਿ ਭਾਰੀ ਕਰਜ਼ਿਆਂ ਥੱਲੇ ਦੱਬੇ ਹੋਏ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਪਣੀ ਪਾਰਟੀ ਦੇ ਚੋਣ ਵਾਅਦਿਆਂ ਮੁਤਾਬਕ ਇਨ੍ਹਾਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਹੋਰ ਖਾਲੀ ਅਸਾਮੀਆਂ ਉੱਤੇ ਨਵੇਂ ਮੁਲਾਜ਼ਮ ਵੀ ਪੱਕੇ ਭਰਤੀ ਕੀਤੇ ਜਾਣ। ਆਪਣੇ ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਨੇ ਝੋਨੇ ਦੀ ਬਿਜਾਈ ਸਮੇਤ ਭਖਦੇ ਕਿਸਾਨੀ ਮਸਲਿਆਂ ਬਾਰੇ ਇੱਕਤਰਫਾ ਸਰਕਾਰੀ ਬਿਆਨਾਂ ਰਾਹੀਂ ਭੰਬਲਭੂਸੇ ਪਾਉਣ ਦੀ ਬਜਾਏ ਇਨ੍ਹਾਂ ਦੇ ਤਸੱਲੀਬਖ਼ਸ਼ ਨਿਪਟਾਰੇ ਲਈ ਵੀ ਹੰਗਾਮੀ ਯਤਨ ਜੁਟਾਉਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here