BREAKING- ਬੱਸ ਨੂੰ ਅੱਗ ਲੱਗਣ ਕਾਰਨ 13 ਯਾਤਰੀਆਂ ਦੀ ਦਰਦਨਾਕ ਮੌਤ

 

ਤੇਜ਼ ਰਫ਼ਤਾਰ ਦਾ ਕਹਿਰ; ਬੱਸ ਨੂੰ ਅੱਗ ਲੱਗਣ ਕਾਰਨ 13 ਯਾਤਰੀਆਂ ਦੀ ਦਰਦਨਾਕ ਮੌਤ

ਮਾਰਕਾਪੁਰਮ/ਆਂਧਰਾ ਪ੍ਰਦੇਸ਼, 26 ਮਾਰਚ 2026:

ਆਂਧਰਾ ਪ੍ਰਦੇਸ਼ ਦੇ ਮਾਰਕਾਪੁਰਮ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ, ਜਿਸ ਵਿੱਚ 13 ਯਾਤਰੀਆਂ ਦੀ ਜ਼ਿੰਦਾ ਜਲਣ ਕਾਰਨ ਮੌਤ ਹੋ ਗਈ।

ਹੈਦਰਾਬਾਦ ਤੋਂ ਪਾਮੁਰੂ ਜਾ ਰਹੀ ਇੱਕ ਨਿੱਜੀ ਬੱਸ ਦੀ ਰਾਇਵਰਮ ਨੇੜੇ ਪਲਾਲਾ ਖੱਡ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ ਨਾਲ ਜ਼ੋਰਦਾਰ ਟੱਕਰ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਨੂੰ ਤੁਰੰਤ ਅੱਗ ਲੱਗ ਗਈ ਅਤੇ ਬੱਸ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ।

ਇਹ ਹਾਦਸਾ ਸਵੇਰੇ ਕਰੀਬ 6:00 ਤੋਂ 6:30 ਵਜੇ ਦੇ ਵਿਚਕਾਰ ਵਾਪਰਿਆ। ਬੱਸ ਵਿੱਚ 40 ਤੋਂ ਵੱਧ ਮੁਸਾਫ਼ਰ ਸਵਾਰ ਸਨ। ਚਸ਼ਮਦੀਦਾਂ ਅਨੁਸਾਰ ਟਿੱਪਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ, ਜਿਸ ਕਾਰਨ ਇਹ ਸਿੱਧੀ ਬੱਸ ਨਾਲ ਜਾ ਟਕਰਾਇਆ।

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਿਛਲੀਆਂ ਸੀਟਾਂ ‘ਤੇ ਬੈਠੇ ਯਾਤਰੀਆਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।

ਬੱਸ ਦੇ ਅਗਲੇ ਹਿੱਸੇ ਵਿੱਚ ਬੈਠੇ ਕੁਝ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ 13 ਲੋਕ ਅੰਦਰ ਹੀ ਫਸ ਗਏ ਅਤੇ ਸੜ ਕੇ ਸੁਆਹ ਹੋ ਗਏ। 12 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਉਧਰ ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਹਾਦਸੇ ਦੇ ਕਾਰਨਾਂ ਦੀ ਵਿਸਤ੍ਰਿਤ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਵਿਧਾਇਕ ਕੰਡੂਲਾ ਨਾਰਾਇਣ ਰੈੱਡੀ ਵੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।

ਪੁਲਿਸ ਅਧਿਕਾਰੀਆਂ ਅਨੁਸਾਰ, ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਸਿਰਫ਼ ਲੋਹੇ ਦਾ ਪਿੰਜਰ ਬਣ ਕੇ ਰਹਿ ਗਈ ਸੀ। ਜ਼ਿਆਦਾਤਰ ਮ੍ਰਿਤਕ ਕਨਿਗਿਰੀ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। NEWS24