Breaking- ਖਾਲਿਸਤਾਨੀ ਨਾਅਰੇ ਲਿਖਣ ਵਾਲੇ ਪਿਓ-ਪੁੱਤ ਸਮੇਤ 3 ਗ੍ਰਿਫ਼ਤਾਰ, ਸੰਗਰੂਰ ਚੋਣਾਂ ‘ਚ ਤਿੰਨਾਂ ਨੇ ਫ਼ੈਲਾਈ ਸੀ ਦਹਿਸ਼ਤ

401

 

ਦਲਜੀਤ ਕੌਰ ਭਵਾਨੀਗੜ੍ਹ, ਸੰਗਰੂਰ

ਸੰਗਰੂਰ ਪੁਲੀਸ ਨੇ ਲੋਕ ਸਭਾ ਜ਼ਿਮਨੀ ਚੋਣ ਤੋਂ ਦੋ ਦਿਨ ਪਹਿਲਾਂ ਸੰਗਰੂਰ ਸ਼ਹਿਰ ‘ਚ ਖ਼ਾਲਿਸਤਾਨ ਜ਼ਿੰਦਾਬਾਦ ਤੇ ਐੱਸਜੇਐੱਫ ਦੇ ਨਾਅਰੇ ਲਿਖਣ ਵਾਲੇ ਪਿਓ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ।

ਜਿਸ ਵਿਚ ਐੱਸਪੀ ਮਨਪ੍ਰੀਤ ਸਿੰਘ, ਡੀਐੱਸਪੀ ਯੋਗੇਸ਼ ਕੁਮਾਰ, ਡੀਐੱਸਪੀ ਮਨੋਜ ਗੋਰਸੀ, ਸੀਆਈਏ ਇੰਚਾਰਜ ਦੀਪਇੰਦਰ ਸਿੰਘ ਜੇਜੀ, ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਤੇ ਥਾਣਾ ਲੌਂਗੋਵਾਲ ਦੀਆਂ ਟੀਮਾਂ ਸਨ। ਤਫਤੀਸ਼ ਦੌਰਾਨ ਹਮੀਦੀ ਪਿੰਡ ਬਰਨਾਲਾ ਦੇ ਰੇਸ਼ਮ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਵਾਲੀ ਲੌਂਗੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਰੇਸ਼ਮ ਸਿੰਘ ਚੰਡੀਗੜ੍ਹ ਦੇ ਐਲਾਂਟੇ ਮੌਲ ਵਿਚ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਪਰ ਕੋਵਿਡ ਦੇ ਦੌਰ ਵਿਚ ਬੇਰੋਜ਼ਗਾਰ ਹੋ ਗਿਆ ਸੀ। ਉਹ ਸੋਸ਼ਲ ਮੀਡੀਆ ਰਾਹੀਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਵਗੈਰਾ ਦੇ ਸੰਪਰਕ ਵਿਚ ਸੀ। ਉਸ ਨੇ ਆਪਣੇ ਸਾਲੇ ਕੁਲਵਿੰਦਰ ਸਿੰਘ ਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਨਾਲ ਰਲਾ ਲਿਆ ਸੀ।

ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਪੈਸੇ ਦੇ ਲਾਲਚ ਵਿਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਨ੍ਹਾਂ ਕੋਲੋਂ 5 ਮੋਬਾਈਲ ਫੋਨ, 5 ਸਿਮ ਕਾਰਡ, 2 ਮੋਟਰਸਾਈਕਲ, 3 ਬੋਤਲਾਂ ਪੇਂਟ ਤੇ ਮੌਕੇ ’ਤੇ ਵਰਤੇ ਗਏ ਕੱਪੜੇ ਬਰਾਮਦ ਕੀਤੇ ਹਨ। ਜਾਂਚ ਜਾਰੀ ਹੈ।