ਬਲਾਤਕਾਰ ਮਾਮਲੇ ‘ਚ ਘਿਰੇ AAP ਵਿਧਾਇਕ ਪਠਾਨਮਾਜਰਾ ਨੂੰ ਝਟਕਾ; ਅਦਾਲਤ ਨੇ 7 ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ/ਗਵਾਲੀਅਰ, 29 ਮਾਰਚ 2026:
ਜਬਰ-ਜ਼ਨਾਹ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਠਾਨਮਾਜਰਾ ਨੂੰ 7 ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਪੁਲਿਸ ਨੇ ਮੰਗਿਆ ਸੀ 10 ਦਿਨਾਂ ਦਾ ਰਿਮਾਂਡ
ਪਟਿਆਲਾ ਪੁਲਿਸ ਨੇ ਅਦਾਲਤ ਤੋਂ ਵਿਧਾਇਕ ਕੋਲੋਂ ਹੋਰ ਪੁੱਛਗਿੱਛ ਕਰਨ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲਿਸ ਦਾ ਤਰਕ ਸੀ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਵਿਧਾਇਕ ਦੀ ਹਿਰਾਸਤ ਜ਼ਰੂਰੀ ਹੈ। ਹਾਲਾਂਕਿ, ਅਦਾਲਤ ਨੇ ਸੱਤ ਦਿਨਾਂ ਦੀ ਮਨਜ਼ੂਰੀ ਦਿੱਤੀ।
ਕਿਵੇਂ ਹੋਈ ਸੀ ਗ੍ਰਿਫ਼ਤਾਰੀ?
ਜ਼ਿਕਰਯੋਗ ਹੈ ਕਿ ਪਠਾਨਮਾਜਰਾ ਨੂੰ ਹਾਲ ਹੀ ਵਿੱਚ ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਨੇੜਿਓਂ ਕਾਬੂ ਕੀਤਾ ਸੀ। ਉਨ੍ਹਾਂ ਵਿਰੁੱਧ 1 ਸਤੰਬਰ 2025 ਨੂੰ ਜ਼ੀਰਕਪੁਰ ਦੀ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿਖੇ ਜਬਰ-ਜ਼ਨਾਹ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਹੋਇਆ ਸੀ।
ਮਾਮਲਾ ਦਰਜ ਹੋਣ ਤੋਂ ਬਾਅਦ ਉਹ ਹਰਿਆਣਾ ਦੇ ਕਰਨਾਲ ਵਿੱਚ ਆਪਣੇ ਰਿਸ਼ਤੇਦਾਰ ਕੋਲ ਚਲੇ ਗਏ ਸਨ। ਜਦੋਂ ਪਟਿਆਲਾ ਪੁਲਿਸ ਉੱਥੇ ਪਹੁੰਚੀ, ਤਾਂ ਵਿਧਾਇਕ ਦੇ ਸਾਥੀਆਂ ਨੇ ਪੁਲਿਸ ‘ਤੇ ਪਥਰਾਅ ਅਤੇ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ।
ਇਸ ਹੰਗਾਮੇ ਦੌਰਾਨ ਪਠਾਨਮਾਜਰਾ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਫ਼ਰਾਰ ਹੋਣ ਤੋਂ ਬਾਅਦ ਖ਼ਬਰਾਂ ਆਈਆਂ ਸਨ ਕਿ ਉਹ ਆਸਟ੍ਰੇਲੀਆ ਭੱਜ ਗਏ ਹਨ, ਪਰ ਅੰਤ ਵਿੱਚ ਉਨ੍ਹਾਂ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।






