ਅਕਾਲੀ-ਭਾਜਪਾ ਗੱਠਜੋੜ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ
ਮੋਗਾ ਦੀ ਧਰਤੀ ਤੋਂ ਅਮਿਤ ਸ਼ਾਹ ਦਾ ਥਾਪੜਾ: “2027 ਵਿੱਚ ਪੰਜਾਬ ‘ਚ ਲਹਿਰਾਏਗਾ ਭਗਵਾ ਝੰਡਾ”
ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ; ਭਾਜਪਾ 117 ਸੀਟਾਂ ‘ਤੇ ਇਕੱਲੇ ਲੜਨ ਦੀ ਤਿਆਰੀ ‘ਚ
19% ਵੋਟਾਂ ਦੇ ਭਰੋਸੇ ਨੇ ਵਧਾਇਆ ਭਾਜਪਾ ਦਾ ਹੌਸਲਾ; ਅਮਿਤ ਸ਼ਾਹ ਨੇ ਪੰਜਾਬੀਆਂ ਤੋਂ ਮੰਗਿਆ ਇੱਕ ਮੌਕਾ
ਮੋਗਾ 14 ਮਾਰਚ 2026- ਪੰਜਾਬ ਦੀ ਸਿਆਸਤ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਅਕਾਲੀ-ਭਾਜਪਾ ਗੱਠਜੋੜ ਦੀਆਂ ਅਟਕਲਾਂ ‘ਤੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਚੁੱਪੀ ਤੋੜੀ ਹੈ।
ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ‘ਤੇ “ਗੱਠਜੋੜ ਨਹੀਂ ਹੋਵੇਗਾ” ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ, ਪਰ ਉਨ੍ਹਾਂ ਦੇ ਭਾਸ਼ਣ ਦੇ ਤੇਵਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਹੁਣ ਪੰਜਾਬ ਵਿੱਚ ‘ਛੋਟੇ ਭਰਾ’ ਦੀ ਭੂਮਿਕਾ ਵਿੱਚ ਰਹਿਣ ਲਈ ਤਿਆਰ ਨਹੀਂ ਹੈ।
ਅਮਿਤ ਸ਼ਾਹ ਨੇ ਕਿਹਾ ਕਿ 2024 ਵਿੱਚ ਭਾਜਪਾ ਨੂੰ ਪੰਜਾਬ ਤੋਂ 19 ਫ਼ੀਸਦੀ ਵੋਟ ਮਿਲੀ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਿੱਥੇ ਭਾਜਪਾ ਇੰਨੀ ਵੋਟ ਲੈਂਦੀ ਹੈ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ।
ਅਮਿਤ ਸ਼ਾਹ ਨੇ ਕਿਹਾ, “ਤੁਸੀਂ ਕਾਂਗਰਸ ਨੂੰ ਮੌਕਾ ਦਿੱਤਾ, ਅਕਾਲੀਆਂ ਨੂੰ ਮੌਕਾ ਦਿੱਤਾ ਅਤੇ ਹੁਣ ‘ਆਪ’ ਨੂੰ ਮੌਕਾ ਦੇ ਰਹੇ ਹੋ, ਪਰ ਕਿਸੇ ਨੇ ਪੰਜਾਬ ਦਾ ਭਲਾ ਨਹੀਂ ਕੀਤਾ। ਹੁਣ ਇੱਕ ਮੌਕਾ ਭਾਜਪਾ ਨੂੰ ਦੇ ਕੇ ਦੇਖੋ।”
ਉਨ੍ਹਾਂ ਨੇ ਵਾਰ-ਵਾਰ ‘ਭਾਜਪਾ ਦੀ ਆਪਣੀ ਸਰਕਾਰ’ ਅਤੇ ‘ਡਬਲ ਇੰਜਣ ਸਰਕਾਰ’ ਦਾ ਜ਼ਿਕਰ ਕੀਤਾ। ਸ਼ਾਹ ਨੇ ਆਪਣੀ ਗੱਲ ਵਿੱਚ ਇੰਨੀ ਜਗ੍ਹਾ ਜ਼ਰੂਰ ਛੱਡੀ ਹੈ ਕਿ, ਜੇਕਰ ਚੋਣਾਂ ਤੋਂ ਬਾਅਦ ਸਥਿਤੀ ਬਣੀ, ਤਾਂ ਹੀ ਗੱਠਜੋੜ ਬਾਰੇ ਸੋਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਹਿੰਦੂ-ਸਿੱਖ ਏਕਤਾ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਬਿਆਨ ਅਕਾਲੀ ਦਲ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਜਾਂ ਭਵਿੱਖ ਵਿੱਚ ਕਿਸੇ ਤਾਲਮੇਲ ਦਾ ਸੰਕੇਤ ਵੀ ਹੋ ਸਕਦਾ ਹੈ। ਅਕਾਲੀ ਦਲ ਫਿਲਹਾਲ ਆਪਣੀ ‘ਪੰਜਾਬ ਬਚਾਓ ਯਾਤਰਾ’ ਵਿੱਚ ਰੁੱਝਿਆ ਹੋਇਆ ਹੈ ਅਤੇ ਉਨ੍ਹਾਂ ਦਾ ਵੀ ਸਟੈਂਡ ਫਿਲਹਾਲ ਇਕੱਲੇ ਲੜਨ ਦਾ ਹੀ ਜਾਪ ਰਿਹਾ ਹੈ।
AAP ਨੇ ਅਮਿਤ ਸ਼ਾਹ ਦੀ ਰੈਲੀ ਨੂੰ ‘ਫਲਾਪ ਸ਼ੋਅ’ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਭਾਜਪਾ ਨੂੰ ਨਕਾਰ ਦਿੱਤਾ ਹੈ।






