BREAKING: ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਵਿਧਵਾ ਮਾਂ ਦਾ ਰੋ-ਰੋ ਕੇ ਬੁਰਾ ਹਾਲ
ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ‘ਚ ਹਾਰਟ ਅਟੈਕ ਨਾਲ ਮੌਤ: 2 ਸਾਲ ਪਹਿਲਾਂ ਸੁਨਹਿਰੀ ਭਵਿੱਖ ਲਈ ਗਿਆ ਸੀ ਰਿੰਕੂ
ਮਾਂ ਦਾ ਸੁਪਨਾ ਟੁੱਟਿਆ: ਅਮਰੀਕਾ ਦੀ ਧਰਤੀ ‘ਤੇ ਹੋਇਆ ਪੁੱਤਰ ਦਾ ਸਸਕਾਰ, ਅੰਤਿਮ ਦਰਸ਼ਨਾਂ ਨੂੰ ਤਰਸਿਆ ਪਰਿਵਾਰ
ਪੁਰਾਣਾ ਸ਼ਾਲਾ ‘ਚ ਸੋਗ ਦੀ ਲਹਿਰ: ਪਿਤਾ ਦੇ ਸਾਏ ਤੋਂ ਬਿਨਾਂ ਪਲੇ ਰਿੰਕੂ ਦੀ ਮੌਤ ਨੇ ਤੋੜਿਆ ਪਰਿਵਾਰ ਦਾ ਲੱਕ
Punjab Network
US, 2 April 2026-
ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਵਿੱਚ ਉਸ ਵੇਲੇ ਮਾਤਮ ਪਛੜ ਗਿਆ, ਜਦੋਂ ਇੱਥੋਂ ਦੇ ਵਸਨੀਕ 35 ਸਾਲਾ ਨੌਜਵਾਨ ਚਰਨਜੀਤ ਸਿੰਘ ਉਰਫ਼ ਰਿੰਕੂ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ। ਰਿੰਕੂ ਕਰੀਬ ਦੋ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਆਸ ਲੈ ਕੇ ਵਿਦੇਸ਼ ਗਿਆ ਸੀ।
ਪੀੜਤ ਪਰਿਵਾਰ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਲੰਘੀ 27 ਮਾਰਚ ਨੂੰ ਰਿੰਕੂ ਦੀ ਬਾਥਰੂਮ ਵਿੱਚ ਨਹਾਉਂਦੇ ਸਮੇਂ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਪੁੱਤਰ ਦੀ ਦੇਹ ਨੂੰ ਭਾਰਤ ਮੰਗਵਾਉਣਾ ਚਾਹੁੰਦੇ ਸਨ, ਪਰ ਅੱਜ (2 ਅਪ੍ਰੈਲ) ਅਮਰੀਕਾ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹ ਆਪਣੇ ਪੁੱਤਰ ਦੇ ਆਖ਼ਰੀ ਦਰਸ਼ਨ ਵੀ ਨਹੀਂ ਕਰ ਸਕੇ।
ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਰਿੰਕੂ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ। ਜਦੋਂ ਉਹ ਮਹਿਜ਼ ਇੱਕ ਸਾਲ ਦਾ ਸੀ, ਤਾਂ ਉਸ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ।
ਵਿਧਵਾ ਮਾਂ ਨੇ ਬਹੁਤ ਹੀ ਗਰੀਬੀ ਅਤੇ ਔਖੇ ਹਾਲਾਤਾਂ ਵਿੱਚ ਉਸ ਨੂੰ ਪਾਲ-ਪੋਸ ਕੇ ਜਵਾਨ ਕੀਤਾ ਸੀ। ਪਰਿਵਾਰ ਨੂੰ ਉਮੀਦ ਸੀ ਕਿ ਰਿੰਕੂ ਅਮਰੀਕਾ ਜਾ ਕੇ ਉਨ੍ਹਾਂ ਦੀ ਗਰੀਬੀ ਦੂਰ ਕਰੇਗਾ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਬੇਸ਼ੱਕ ਰਿੰਕੂ ਦਾ ਸਸਕਾਰ ਅਮਰੀਕਾ ਵਿੱਚ ਹੋ ਚੁੱਕਾ ਹੈ, ਪਰ ਉਸ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ, ਪੁਰਾਣਾ ਸ਼ਾਲਾ ਵਿਖੇ ਕਰਵਾਈ ਜਾਵੇਗੀ।






