BREAKING- ਪੰਜਾਬ ‘ਚ ਹੋਇਆ ਵੱਡਾ ਬਲਾਸਟ; 2 ਲੋਕਾਂ ਦੀ ਦਰਦਨਾਕ ਮੌਤ

 

BREAKING- ਪੰਜਾਬ ‘ਚ ਹੋਇਆ ਵੱਡਾ ਬਲਾਸਟ; 2 ਲੋਕਾਂ ਦੀ ਦਰਦਨਾਕ ਮੌਤ

ਲੁਧਿਆਣਾ: ਨਾਜਾਇਜ਼ ਪਟਾਕਾ ਫੈਕਟਰੀ ‘ਚ ਭਿਆਨਕ ਧਮਾਕਾ; ਇਮਾਰਤ ਮਲਬੇ ‘ਚ ਤਬਦੀਲ, ਦੋ ਮੌਤਾਂ ਦਾ ਖ਼ਦਸ਼ਾ

ਜੋਧਾਂ/ਲੁਧਿਆਣਾ, 1 ਅਪ੍ਰੈਲ 2026:

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾਂ ਤੋਂ ਆਸੀ ਕਲਾਂ ਅਤੇ ਨਾਰੰਗਵਾਲ ਲਿੰਕ ਰੋਡ ‘ਤੇ ਸਥਿਤ ਇੱਕ ਘਰ ਵਿੱਚ ਚੱਲ ਰਹੀ ਨਾਜਾਇਜ਼ ਪਟਾਕਾ ਫੈਕਟਰੀ ਵਿੱਚ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਧਮਾਕਾ ਹੋਇਆ। ਇਸ ਹਾਦਸੇ ਵਿੱਚ ਪੂਰੀ ਇਮਾਰਤ ਮਲਬੇ ਦਾ ਢੇਰ ਬਣ ਗਈ ਹੈ ਅਤੇ ਕਈ ਲੋਕਾਂ ਦੇ ਦਬੇ ਹੋਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ, ਇਹ ਫੈਕਟਰੀ ਇੱਕ NRI ਪਰਿਵਾਰ ਦੇ ਘਰ ਵਿੱਚ ਚੱਲ ਰਹੀ ਸੀ, ਜਿੱਥੇ ਬਾਹਰੀ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਪਟਾਕਿਆਂ ਲਈ ਵਰਤਿਆ ਜਾਣ ਵਾਲਾ ਵਿਸਫੋਟਕ ਪੋਟਾਸ਼ (Patas) ਤਿਆਰ ਕਰ ਰਹੇ ਸਨ।

ਰਾਤ ਵੇਲੇ ਹੋਏ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣੀ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ ਪੁਲਿਸ ਨੇ ਅਜੇ ਅਧਿਕਾਰਤ ਤੌਰ ‘ਤੇ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ। ਕਈ ਮਜ਼ਦੂਰ ਔਰਤਾਂ ਅਤੇ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਸਤਿੰਦਰ ਸਿੰਘ ਅਤੇ ਐੱਸਐੱਸਪੀ (ਲੁਧਿਆਣਾ ਦਿਹਾਤੀ) ਡਾ. ਅੰਕੁਰ ਗੁਪਤਾ ਸਮੇਤ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ।

ਲੁਧਿਆਣਾ ਅਤੇ ਜਗਰਾਓਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੈਡੀਕਲ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਮਲਬੇ ਵਿੱਚੋਂ ਕੱਢੀ ਗਈ ਇੱਕ ਦੇਹ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਫੈਕਟਰੀ ਵੱਲ ਜਾਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਹਨ।

ਸਵਾਲਾਂ ਦੇ ਘੇਰੇ ਵਿੱਚ ਪੁਲਿਸ ਪ੍ਰਸ਼ਾਸਨ

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਸ਼ੱਕੀ ਸਨ ਅਤੇ ਇੱਥੇ ਦੀਵਾਲੀ ਦੇ ਤਿਉਹਾਰ ਲਈ ਅਜੇ ਤੋਂ ਹੀ ਪਟਾਕੇ ਬਣਾਏ ਜਾ ਰਹੇ ਸਨ।

ਲੋਕਾਂ ਨੇ ਸਵਾਲ ਉਠਾਇਆ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਇੰਨੇ ਵੱਡੇ ਪੱਧਰ ‘ਤੇ ਨਾਜਾਇਜ਼ ਕੰਮ ਚੱਲ ਰਿਹਾ ਸੀ ਪਰ ਪੁਲਿਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।

ਪੁਲਿਸ ਹੁਣ ਉਸ NRI ਪਰਿਵਾਰ ਦੇ ਘਰ ਨੂੰ ਕਿਰਾਏ ‘ਤੇ ਦਿਵਾਉਣ ਵਾਲੇ ਵਿਚੋਲਿਆਂ ਅਤੇ ਮਾਲਕਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।