BREAKING: ਹੁਣ ਗਰਭਵਤੀ ਔਰਤਾਂ ਦੇ ਨਾਲ-ਨਾਲ ਪਤੀਆਂ ਦਾ ਵੀ ਹੋਵੇਗਾ HIV ਅਤੇ ਸਿਫਲਿਸ ਟੈਸਟ

 

Big News: ਹੁਣ ਗਰਭਵਤੀ ਔਰਤਾਂ ਦੇ ਨਾਲ-ਨਾਲ ਪਤੀਆਂ ਦਾ ਵੀ ਹੋਵੇਗਾ HIV ਅਤੇ ਸਿਫਲਿਸ ਟੈਸਟ

ਚੰਡੀਗੜ੍ਹ 5 ਅਪ੍ਰੈਲ 2026:

ਹਰਿਆਣਾ ਸਰਕਾਰ ਨੇ ਸੂਬੇ ਵਿੱਚ HIV ਏਡਜ਼ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਇੱਕ ਨਵੀਂ ਨੀਤੀ (Policy) ਬਣਾਉਣ ਦਾ ਫੈਸਲਾ ਕੀਤਾ ਹੈ।

ਇਸ ਨਵੀਂ ਨੀਤੀ ਤਹਿਤ ਹੁਣ ਗਰਭਵਤੀ ਔਰਤਾਂ ਦੇ ਪਤੀਆਂ ਦਾ ਵੀ HIV ਅਤੇ ਸਿਫਲਿਸ (Syphilis) ਟੈਸਟ ਕਰਨਾ ਲਾਜ਼ਮੀ ਕੀਤਾ ਜਾਵੇਗਾ। ਸਰਕਾਰ ਨੇ ਸਬੰਧਤ ਵਿਭਾਗਾਂ ਨੂੰ ਇਸ ਨੀਤੀ ਦਾ ਡਰਾਫਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਫੈਸਲਾ ਚੰਡੀਗੜ੍ਹ ਵਿਖੇ ਹਰਿਆਣਾ ਰਾਜ ਏਡਜ਼ ਕੰਟਰੋਲ ਸੁਸਾਇਟੀ (HSACS) ਦੀ 23ਵੀਂ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਲਿਆ ਗਿਆ।

ਇਸ ਮੀਟਿੰਗ ਦੀ ਪ੍ਰਧਾਨਗੀ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ (ACS) ਡਾ. ਸੁਮਿਤਾ ਮਿਸ਼ਰਾ ਨੇ ਕੀਤੀ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਕੰਮਕਾਜੀ ਮਹਿਲਾ ਸਟਾਫ ਲਈ ‘HIV ਏਡਜ਼ ਕਾਰਜ ਸਥਾਨ ਨੀਤੀ’ ਲਾਗੂ ਕੀਤੀ ਜਾਵੇਗੀ।

ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼, HIV ਅਤੇ ਸਿਫਲਿਸ ਵਰਗੀਆਂ ਬਿਮਾਰੀਆਂ ਨੂੰ ਮਾਂ ਤੋਂ ਬੱਚੇ ਵਿੱਚ ਫੈਲਣ ਤੋਂ ਰੋਕਣਾ ਹੈ।

ਸਰਕਾਰ ਨੇ ਇਸ ਸਾਲ ਲਗਭਗ 6 ਲੱਖ ਟੈਸਟ ਕਰਨ ਦਾ ਟੀਚਾ ਰੱਖਿਆ ਹੈ, ਜਦਕਿ ਸਾਲਾਨਾ 12 ਲੱਖ ਟੈਸਟ ਕਰਨ ਦੀ ਯੋਜਨਾ ਹੈ। ਸਾਲ 2026-27 ਲਈ ਇਸ ਮੁਹਿੰਮ ਵਾਸਤੇ 47.16 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਸਰਕਾਰ ਨੇ ਪੰਚਕੂਲਾ ਵਿੱਚ ਇੱਕ ਨਵੀਂ HIV ਵਾਇਰਲ ਲੋਡ ਲੈਬ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਿਲਹਾਲ ਇੱਕ ਲੈਬ ਰੋਹਤਕ PGIMS ਵਿੱਚ ਚੱਲ ਰਹੀ ਹੈ।

ਸੰਕਰਮਿਤ ਵਿਅਕਤੀਆਂ (PLHIV) ਦੀ ਨਿਗਰਾਨੀ ਲਈ ਇੱਕ ਡਿਜੀਟਲ ਪਲੇਟਫਾਰਮ ਬਣਾਇਆ ਜਾਵੇਗਾ, ਜਿਸ ਰਾਹੀਂ ਮਰੀਜ਼ਾਂ ਨੂੰ ਵਾਇਸ ਮੈਸੇਜ ਅਤੇ ਅਲਰਟ ਭੇਜ ਕੇ ਇਲਾਜ ਲਈ ਫਾਲੋ-ਅਪ ਰਿਮਾਈਂਡਰ ਦਿੱਤੇ ਜਾਣਗੇ।

ਕੀ ਹਨ ਇਹ ਬਿਮਾਰੀਆਂ?

HIV ਵਾਇਰਸ ਮਨੁੱਖੀ ਸਰੀਰ ਦੇ ਇਮਿਊਨ ਸਿਸਟਮ (ਚਿੱਟੇ ਲਹੂ ਦੇ ਸੈੱਲਾਂ) ‘ਤੇ ਹਮਲਾ ਕਰਦਾ ਹੈ, ਜਿਸ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਲਾਜ ਨਾ ਹੋਣ ‘ਤੇ ਇਹ ਏਡਜ਼ (AIDS) ਦਾ ਰੂਪ ਲੈ ਲੈਂਦਾ ਹੈ।

ਸਿਫਲਿਸ (Syphilis) ਇੱਕ ਬੈਕਟੀਰੀਆ ਰਾਹੀਂ ਫੈਲਣ ਵਾਲੀ ਗੰਭੀਰ ਜਿਨਸੀ ਬਿਮਾਰੀ (STI) ਹੈ, ਜੋ ਅਸੁਰੱਖਿਅਤ ਸਬੰਧਾਂ ਕਾਰਨ ਫੈਲਦੀ ਹੈ ਅਤੇ ਗਰਭ ਵਿੱਚ ਪਲ ਰਹੇ ਬੱਚੇ ਲਈ ਬਹੁਤ ਖ਼ਤਰਨਾਕ ਹੋ ਸਕਦੀ ਹੈ।